ਪੰਜਾਬ ਮਾਛੀਵਾੜਾ ਦੇ ਪਿੰਡ ਸ਼ਤਾਬਗੜ੍ਹ ’ਚ ਨੌਜਵਾਨ ਦੀ ਮੌਤ/ ਪਰਿਵਾਰ ਨੇ ਰੰਜ਼ਿਸ਼ ਤਹਿਤ ਨਸ਼ਾ ਦੇਣ ਦਾ ਪ੍ਰਗਟਾਇਆ ਸ਼ੱਕ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ By admin - September 19, 2026 0 2 Facebook Twitter Pinterest WhatsApp ਮਾਛੀਵਾੜਾ ਸਾਹਿਬ ਨੇੜਲੇ ਪਿੰਡ ਸ਼ਤਾਬਗੜ੍ਹ ਵਿਖੇ ਇਕ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 19 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਅਮਨਦੀਪ ਸਿੰਘ ਘਰੋਂ ਮੋਟਰ ਸਾਇਕਲ ਲੈ ਕੇ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਤਲਾਸ਼ ਕਰਨ ਦੌਰਾਨ ਉਸ ਦੇ ਨਸ਼ੇ ਦੇ ਆਦੀ ਕੁੱਝ ਨੌਜਵਾਨਾਂ ਨਾਲ ਹੋਣ ਦੀ ਸੂਹ ਮਿਲੀ ਸੀ। ਬਾਅਦ ਵਿਚ ਅਮਨਦੀਪ ਸਿੰਘ ਅਰਧ-ਬੇਹੋਸ਼ੀ ਦੀ ਹਾਲਤ ਵਿਚ ਪਿਆ ਮਿਲਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਸਾਥੀ ਨੌਜਵਾਨਾਂ ਉਤੇ ਧੱਕੇ ਨਾਲ ਨਸ਼ਾ ਦੇਣ ਦੇ ਇਲਜ਼ਾਮ ਲਾਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਭਰਾ ਰਿੰਕੂ ਮੁਤਾਬਕ ਅਮਨਦੀਪ ਸਿੰਘ 14 ਸਤੰਬਰ ਨੂੰ ਕਰੀਬ 3 ਵਜੇ ਮੋਟਰਸਾਈਕਲ ’ਤੇ ਗਿਆ ਅਤੇ ਘਰ ਵਾਪਸ ਨਹੀਂ ਆਇਆ। ਜਦੋਂ ਉਸਦੀ ਤਲਾਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਆਪਣੇ ਦੋਸਤਾਂ ਨਾਲ ਗਿਆ ਹੈ ਜੋ ਕਿ ਨਸ਼ਾ ਕਰਨ ਦੇ ਆਦੀ ਹਨ। ਪਰਿਵਾਰ ਵਲੋਂ ਅਮਨਦੀਪ ਸਿੰਘ ਨੂੰ ਕਈ ਵਾਰ ਫੋਨ ਵੀ ਕੀਤਾ ਪਰ ਉਹ ਬੰਦ ਆ ਰਿਹਾ ਸੀ। ਦੂਸਰੇ ਦਿਨ 15 ਸਤੰਬਰ ਨੂੰ ਉਹ ਤਲਾਸ਼ ਕਰਦੇ ਹੋਏ ਖੇਤਾਂ ਵਿਚ ਪੁੱਜੇ ਤਾਂ ਦੇਖਿਆ ਕਿ ਅਮਨਦੀਪ ਸਿੰਘ ਗਿਰਿਆ ਹੋਇਆ ਸੀ ਜਿਸ ਦੇ ਕੋਲ ਉਸਦਾ ਮੋਟਰਸਾਈਕਲ ਖੜ੍ਹਾ ਸੀ। ਰਿੰਕੂ ਨੇ ਦੱਸਿਆ ਕਿ ਉਸਦਾ ਭਰਾ ਅਮਨਦੀਪ ਸਿੰਘ ਬੜੇ ਔਖੇ-ਔਖੇ ਸਾਹ ਲੈੈ ਰਿਹਾ ਸੀ ਜਿਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਵਲੋਂ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਸਮਰਾਲਾ ਰੈਫ਼ਰ ਕਰ ਦਿੱਤਾ ਜਿੱਥੋਂ ਫਿਰ 32 ਸੈਕਟਰ ਚੰਡੀਗੜ੍ਹ ਲੈ ਗਏ। ਚੰਡੀਗੜ੍ਹ ਹਸਪਤਾਲ ਵਿਖੇ ਡਾਕਟਰਾਂ ਨੇ ਅਮਨਦੀਪ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਾਛੀਵਾੜਾ ਪੁਲਸ ਵਲੋਂ ਲਾਸ਼ ਨੂੰ ਕਬਜੇ ’ਚ ਕਰ ਪੋਸਟ ਮਾਰਟਮ ਕਰਵਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮਾਛੀਵਾੜਾ ਦੇ ਮੁਖੀ ਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ਼ਤਾਬਗੜ੍ਹ ਦੇ ਨਿਵਾਸੀ ਅਮਨਦੀਪ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ। ਪੁਲਸ ਅਨੁਸਾਰ ਪਰਿਵਾਰ ਨੇ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦਾ ਲੜਕਾ ਅਮਨਦੀਪ ਸਿੰਘ ਘਰੋਂ 14 ਸਤੰਬਰ ਨੂੰ ਗਿਆ ਸੀ ਜੋ ਵਾਪਸ ਨਹੀਂ ਆਇਆ। ਪਰਿਵਾਰ ਨੇ ਬਿਆਨ ’ਚ ਲਿਖਾਇਆ ਕਿ ਉਸਦੇ 2 ਦੋਸਤ ਜੋ ਨਸ਼ਾ ਕਰਨ ਦੇ ਆਦੀ ਹਨ, ਉਹ ਉਸਦੇ ਨਾਲ ਸਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਮਨਦੀਪ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਦਿੱਤਾ ਹੈ ਜਿਸ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਕਿ ਉਸਦੀ ਮੌਤ ਦੇ ਅਸਲ ਕਾਰਨ ਕੀ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਕੋਈ ਦੋਸ਼ੀ ਹੋਇਆ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਿਵਾਰ ਨੇ ਪੁਲਸ ਕੋਲ ਅਜਿਹਾ ਕੋਈ ਬਿਆਨ ਦਰਜ ਨਹੀਂ ਕਰਵਾਇਆ ਜਿਸ ਵਿਚ ਨਸ਼ੇ ਦੀ ਓਵਰਡੋਜ਼ ਦਾ ਮਾਮਲਾ ਦਰਜ ਹੋਵੇ ਪਰ ਫਿਰ ਵੀ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।