ਗੁਰਦਾਸਪੁਰ ’ਚ ਕਮਿਊਨਿਟੀ ਹੈਲਥ ਅਫ਼ਸਰਾਂ ਦਾ ਪ੍ਰਦਰਸ਼ਨ/ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ/ ਸਿਵਲ ਸਰਜਨ ਨੂੰ ਸੌਂਪਿਆ ਮੰਗ ਪੱਤਰ

0
2

ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਿਵਲ ਸਰਜਨ ਗੁਰਦਾਸਪੁਰ ਦੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ, ਜਿਸ ਕਾਰਨ ਕਮਿਊਨਿਟੀ ਹੈੱਲਥ ਕਾਮਿਆਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਆਗੂਆਂ ਵੱਲੋਂ ਮੰਗਾਂ ਸਬੰਧੀ ਸਿਵਲ ਸਰਜਨ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਡਾ. ਸੁਨੀਲ ਤਰਗੋਤਰਾ ਨੇ ਕਿਹਾ ਕਿ ਆਪਣੀਆਂ ਮੰਗਾਂ ਦੇ ਹੱਲ ਲਈ ਸਰਕਾਰ ਅਤੇ ਵਿਭਾਗ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਪਰ ਵਾਰ-ਵਾਰ ਭਰੋਸੇ ਦੇਣ ਦੇ ਬਾਵਜੂਦ ਅਜੇ ਤੱਕ ਮੰਗਾਂ ਦਾ ਕੋਈ ਠੋਸ ਅਤੇ ਲਿਖਤੀ ਹੱਲ ਨਹੀਂ ਕੀਤਾ ਗਿਆ। ਸਰਕਾਰ ਅਤੇ ਵਿਭਾਗ ਦੀ ਇਸ ਲਾਰੇਬਾਜ਼ੀ ਅਤੇ ਸਮਾਂ ਟਪਾਉਣ ਵਾਲੀ ਨੀਤੀ ਕਾਰਨ ਪੰਜਾਬ ਭਰ ਦੇ CHO ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਿਲਾ ਪ੍ਰਧਾਨ ਡਾ ਰਵਿੰਦਰ ਅਤੇ ਸੂਰਜ ਪ੍ਰਕਾਸ਼ ਨੇ ਕਿਹਾ ਕਿ CHO ਦਾ ਕੈਡਰ ਸੈਂਕਸ਼ਨ ਕਰਕੇ ਰੈਗੂਲਰ ਗ੍ਰੇਡ ਪੇਅ ਦੇ ਕੇ ਰੈਗੂਲਰ ਕਰਨ, ਤਨਖਾਹ ਵਿੱਚ 5000/- ਪ੍ਰਤੀ ਮਹੀਨਾ ਵਾਧਾ ਅਤੇ ਬਣਦਾ ਬਕਾਇਆ ਦੇਣ, ਲੋਇਲਟੀ/ਐਕਸਪੀਰੀਅੰਸ ਬੋਨਸ ਬਹਾਲ ਕਰਨ, ਇਨਸੈਂਟਿਵ ਨੂੰ ਤਨਖਾਹ ਵਿੱਚ ਮਰਜ ਕਰਨ ਅਤੇ ਇਨਸੈਂਟਿਵ ਪਰਫਾਰਮਾ ਨੂੰ CHO ਨੁਮਾਇੰਦਿਆਂ ਨਾਲ ਹੋਈ ਸਹਿਮਤੀ ਅਨੁਸਾਰ ਸੋਧਣ ਦੀਆਂ ਮੰਗਾਂ ਲੰਬੇ ਸਮੇਂ ਤੋਂ ਸਰਕਾਰ ਅਤੇ ਵਿਭਾਗ ਦੇ ਧਿਆਨ ਵਿੱਚ ਲਿਆਂਦੀਆਂ ਜਾ ਰਹੀਆਂ ਹਨ। ਜ਼ਿਲ੍ਹਾ ਸਕੱਤਰ ਮੈਡਮ ਨਵਜੋਤ ਨੇ ਕਿਹਾ ਕਿ ਮੀਟਿੰਗਾਂ ਵਿੱਚ ਵਾਰ-ਵਾਰ ਭਰੋਸੇ ਦੇਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ CHO ਵਿੱਚ ਸਰਕਾਰ ਅਤੇ ਵਿਭਾਗ ਪ੍ਰਤੀ ਭਾਰੀ ਰੋਸ ਹੈ। ਹੁਣ CHO ਆਪਣੇ ਹੱਕਾਂ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹਨ।
ਇਸੇ ਕੜੀ ਤਹਿਤ ਮਿਤੀ 18/09/2026 ਨੂੰ ਦਿੜ੍ਹਬਾ ਵਿਖੇ ਪੰਜਾਬ ਭਰ ਦੇ CHO ਵੱਲੋਂ ਰੋਸ ਧਰਨਾ ਅਤੇ ਰੈਲੀ ਕੀਤੀ ਜਾਵੇਗੀ। ਇਹ ਰੈਲੀ ਸਰਕਾਰ ਅਤੇ ਵਿਭਾਗ ਵੱਲੋਂ CHO ਦੀਆਂ ਮੰਗਾਂ ਸਬੰਧੀ ਕੀਤੀ ਜਾ ਰਹੀ ਲਗਾਤਾਰ ਲਾਰੇਬਾਜ਼ੀ ਅਤੇ ਮੰਗਾਂ ਨੂੰ ਲਟਕਾਉਣ ਦੀ ਨੀਤੀ ਦੇ ਵਿਰੋਧ ਵਿੱਚ ਕੀਤੀ ਜਾਵੇਗੀ। CHO ਐਸੋਸੀਏਸ਼ਨ ਪੰਜਾਬ ਨੇ ਸਪਸ਼ਟ ਕੀਤਾ ਕਿ ਜੇਕਰ 18 ਸਤੰਬਰ ਦੀ ਦਿੜ੍ਹਬਾ ਰੈਲੀ ਤੋਂ ਬਾਅਦ ਵੀ CHO ਦੀਆਂ ਮੰਗਾਂ ਦਾ ਠੋਸ ਅਤੇ ਲਿਖਤੀ ਹੱਲ ਨਹੀਂ ਕੀਤਾ ਜਾਂਦਾ, ਤਾਂ ਸੰਘਰਸ਼ ਨੂੰ ਹੋਰ ਵਿਆਪਕ ਕਰਦੇ ਹੋਏ ਸੰਗਰੂਰ ਵਿਖੇ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਰਿਹਾਇਸ਼ ਅੱਗੇ ਪੱਕਾ ਧਰਨਾ ਲਗਾਇਆ ਜਾਵੇਗਾ।

LEAVE A REPLY

Please enter your comment!
Please enter your name here