ਫਾਜਿਲਕਾ ’ਚ ਮੈਡਲ ਜੇਤੂ ਖਿਡਾਰੀ ਰੇਹੜੀ ਲਾਉਣ ਲਈ ਮਜ਼ਬੂਰ/ ਖੇਡਾਂ ’ਚ ਮੱਲਾਂ ਮਾਰਨ ਦੇ ਬਾਵਜੂਦ ਸਰਕਾਰ ਨੇ ਨਹੀਂ ਲਈ ਸਾਰ/ ਮਿੰਨੀ ਸਕੱਤਰੇਤ ਦੇ ਬਾਹਰ ਗੰਨੇ ਦਾ ਜੂਸ ਵੇਚ ਰਿਹਾ ਦੀਪਕ ਕੁਮਾਰ

0
7

ਸਰਕਾਰਾਂ ਵੱਲੋਂ ਅਕਸਰ ਹੀ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਨੇ…ਪਰ ਕੁੱਝ ਥਾਵਾਂ ਤੇ ਇਹ ਦਾਅਵੇ  ਖੋਖਲੇ ਸਾਬਤ ਹੋ ਰਹੇ ਨੇ। ਇਸ ਦੀ ਮਿਸਾਲ ਸਰਹੱਦੀ ਜਿਲ੍ਹਾ ਫਾਜਿਲਕਾ ਤੋਂ ਸਾਹਮਣੇ ਆਈ ਐ, ਜਿੱਥੇ ਰਾਸ਼ਟਰੀ ਚੈਂਪੀਅਨ ਜੇਤੂ ਖਿਡਾਰੀ ਨੂੰ ਆਪਣੇ ਗੁਜਾਰੇ ਲਈ ਗੰਨੇ ਦੇ ਜੂਸ ਦੀ ਰੇਹੜੀ ਲਾਉਣੀ ਪੈ ਰਹੀ ਐ। ਫਾਜਿਲਕਾ ਦੀ ਮਿੰਨੀ ਸਕੱਤਰੇਤ ਦੇ ਬਾਹਰ ਗੰਨੇ ਦੀ ਜੂਸ ਦੀ ਰੇਹੜੀ ਲਾ ਕੇ ਖੜ੍ਹੇ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਨੇ ਸਖਤ ਮਿਹਨਤ ਦੇ ਬਲਬੂਤੇ ਖੇਡਾਂ ਵਿਚ ਮੱਲਾਂ ਮਾਰੀਆਂ ਪਰ ਕਿਸੇ ਵੀ ਸਰਕਾਰ ਨੇ ਉਸ ਦੀ ਸਾਰ ਨਹੀਂ ਲਈ। ਦੀਪਕ ਕੁਮਾਰ ਨੇ ਸਰਕਾਰ ਅੱਗੇ ਮਦਦ ਲਈ ਅਪੀਲ ਕੀਤੀ ਐ ਤਾਂ ਜੋ ਉਹ ਆਪਣੇ ਪਰਿਵਾਰ ਦਾ ਸਹੀ ਪਾਲਣ ਪੋਸ਼ਣ ਕਰ ਸਕੇ।  ਦੀਪਕ ਕੁਮਾਰ ਦੇ ਦੱਸਣ ਮੁਤਾਬਕ ਉਹ ਫਾਜ਼ਿਲਕਾ ਦੇ ਸਾਬੂਆਣਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸਦੀ ਉਮਰ 22 ਸਾਲ ਹੈ। ਦੀਪਕ ਨੇ ਦੱਸਿਆ ਕਿ ਉਸਨੂੰ ਜੂਸ ਦੀ ਗੱਡੀ ਲਗਾਉਣ ਲਈ ਮਜਬੂਰ ਹੈ ਕਿਉਂਕਿ ਰਾਸ਼ਟਰੀ ਮੈਡਲ ਜਿੱਤਣ ਦੇ ਬਾਵਜੂਦ, ਉਸਨੂੰ ਨੌਕਰੀ ਨਹੀਂ ਮਿਲ ਸਕੀ। ਇਹੀ ਕਾਰਨ ਹੈ ਕਿ ਹੁਣ ਉਹ ਆਪਣੀ ਮਿਹਨਤ ਲਈ ਹਰ ਰੋਜ਼ ਫਾਜ਼ਿਲਕਾ ਦੇ ਮਿੰਨੀ ਸਕੱਤਰੇਤ ਦੇ ਬਾਹਰ ਗੰਨੇ ਦੇ ਜੂਸ ਦੀ ਰੇਹੜੀ ਲਗਾ ਕੇ ਪਰਿਵਾਰ ਪਾਲ ਰਿਹਾ ਐ।  ਦੀਪਕ ਕੁਮਾਰ ਨੇ ਕਿਹਾ ਕਿ ਉਹ  ਭੋਪਾਲ, ਨਾਗਾਲੈਂਡ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਖੇਡ ਚੁੱਕਾ ਐ। ਉਹ ਹੁਣ ਤੱਕ ਰਾਸ਼ਟਰੀ ਪੱਧਰ ‘ਤੇ 16 ਦੇ ਕਰੀਬ ਮੈਡਲ ਜਿੱਤ ਚੁੱਕਾ ਐ। ਇੰਨਾ ਹੀ ਨਹੀਂ, ਪੰਜਾਬ ਸਰਕਾਰ ਵੱਲੋਂ ਆਯੋਜਿਤ ਖੇਡਾਂ ਵਿੱਚ, ਉਸਨੇ ਲੁਧਿਆਣਾ, ਸੰਗਰੂਰ, ਪਟਿਆਲਾ ਅਤੇ ਹੋਰ ਥਾਵਾਂ ‘ਤੇ ਛੇ ਵਾਰ ਪਹਿਲਾ ਸਥਾਨ ਹਾਸਲ ਕੀਤਾ ਪਰ ਇਸ ਦੇ ਬਾਵਜੂਦ ਉਸ ਦੀ ਮਿਹਨਤ ਦੀ ਕਦਰ ਨਹੀਂ ਪਈ। ਅਖੀਰ ਉਸ ਨੇ  ਫਾਜ਼ਿਲਕਾ ਦੇ ਮਿੰਨੀ ਸਕੱਤਰੇਤ ਦੇ ਸਾਹਮਣੇ ਜਗ੍ਹਾ ਚੁਣੀ ਐ, ਜਿੱਥੇ ਉਸ ਨੇ ਮੈਡਲ ਵੀ ਸਟਾਲ ‘ਤੇ ਲਟਕਾਏ ਹੋਏ ਨੇ ਤਾਂ ਜੋ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਜੂਸ ਦੀ ਰੇਹੜੀ ਲਗਾਉਣ ਵਾਲਾ ਨੌਜਵਾਨ ਕੋਈ ਆਮ ਆਦਮੀ ਨਹੀਂ ਹੈ ਸਗੋਂ ਖੇਡਾਂ ਵਿਚ ਉਹ ਮੁਕਾਮ ਹਾਸਲ ਕਰ ਚੁੱਕਾ ਐ ਜੋ ਹਰ ਨੌਜਵਾਨ ਦਾ ਸੁਪਨਾ ਹੁੰਦਾ ਐ। ਮੌਕੇ ਤੇ ਮੌਜੂਦ ਖਿਡਾਰੀ ਦੇ ਪਿਤਾ ਚਰਨਜੀਤ ਨੇ ਕਿਹਾ ਕਿ ਉਸ ਨੇ ਵੀ ਬੱਚੇ ਦੇ ਸ਼ੌਕ ਖਾਤਰ ਸਖ਼ਤ ਮਿਹਨਤ ਕੀਤੀ ਪਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ, ਜਿਸ ਕਾਰਨ ਅਖੀਰ ਨਿਰਾਸ਼ਾ ਹੀ ਹੱਥ ਲੱਗੀ ਐ।

LEAVE A REPLY

Please enter your comment!
Please enter your name here