ਗੁਰਦਾਸਪੁਰ ਦੇ ਦੋਰਾਂਗਲਾ ਹਸਪਤਾਲ ਤੋਂ ਲੋਕ ਪ੍ਰੇਸ਼ਾਨ/ ਖਸਤਾ ਹਾਲ ਇਮਾਰਤ ਦੇ ਰਹੀ ਹਾਦਸਿਆਂ ਨੂੰ ਸੱਦਾ/ ਮਰੀਜ਼ ਤੇ ਸਟਾਫ ਲਈ ਮੁਸੀਬਤ ਸਾਬਤ ਹੋ ਰਿਹੈ ਹਸਪਤਾਲ

0
2

 

ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਦੇਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਗੁਰਦਾਸਪੁਰ ਦੇ ਦੋਰਾਂਗਲਾ ਵਿਖੇ ਸਰਕਾਰ ਦੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋ ਰਹੀਆਂ ਨੇ। ਇੱਥੇ ਸਰਕਾਰੀ ਹਸਪਤਾਲ ਦੀ ਖਸਤਾ ਹਾਲਤ ਕਾਰਨ ਮਰੀਜ਼ਾਂ ਦੇ ਨਾਲ ਨਾਲ ਸਟਾਫ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ। ਮਰੀਜ਼ਾਂ ਤੇ ਸਟਾਫ ਦੇ ਦੱਸਣ ਮੁਤਾਬਕ ਬਰਸਾਤ ਦੇ ਦਿਨਾਂ ਦੌਰਾਨ ਹਸਪਤਾਲ ਦੀਆਂ ਛੱਤਾਂ ਤੋਂ ਪਾਣੀ ਟਪਕਣ ਲੱਗਦਾ ਹੈ, ਜਿਸ ਕਾਰਨ ਕਈ ਵਾਰਡਾਂ ਵਿਚ ਪਾਣੀ ਭਰਨ ਦੇ ਨਾਲ ਨਾਲ ਸੱਪਾਂ ਤੇ ਜ਼ਹਿਰੀਲੀ ਕੀੜੇ-ਮਕੌੜਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਸਰਕਾਰ ਨੂੰ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਹੈ।
ਲੋਕਾਂ ਦੇ ਦੱਸਣ ਮੁਤਾਬਕ 70 ਤੋਂ 80 ਸਾਲ ਪੁਰਾਣੀ ਇਹ ਇਮਾਰਤ ਪੂਰੀ ਤਰ੍ਹਾਂ ਖਸਤਾਹਾਲ ਹੋ ਚੁੱਕੀ ਹੈ, ਜਿਸ ਕਾਰਨ ਇੱਥ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਹਸਪਤਾਲ ਵਿੱਚ ਇਲਾਜ ਲਈ ਪਹੁੰਚੀ ਮਰੀਜ਼ ਰਣਜੀਤ ਕੌਰ ਨੇ ਦੱਸਿਆ ਕਿ ਹਸਪਤਾਲ ਦੀ ਇਮਾਰਤ ਦੀ ਹਾਲਤ ਬਹੁਤ ਮਾੜੀ ਹੈ। ਬਾਰਿਸ਼ ਦੌਰਾਨ ਛੱਤਾਂ ਤੋਂ ਪਾਣੀ ਟਪਕਣ ਕਾਰਨ ਮਰੀਜ਼ਾਂ ਦੇ ਬੈੱਡ ਗਿੱਲੇ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੋਰਾਂਗਲਾ ਦਾ ਇਹ ਹਸਪਤਾਲ ਆਸ-ਪਾਸ ਦੇ ਲਗਭਗ 20-25 ਪਿੰਡਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ ਪਰ ਇੱਥੇ ਮਰੀਜ਼ਾਂ ਦੇ ਰਾਤ ਸਮੇਂ ਠਹਿਰਨ ਜਾਂ ਦਾਖ਼ਲ ਰਹਿਣ ਲਈ ਲੋੜੀਂਦੇ ਪ੍ਰਬੰਧਾਂ ਦੀ ਘਾਟ ਹੈ। ਰਣਜੀਤ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਸਪਤਾਲ ਵਿੱਚ ਨਵੇਂ ਕਮਰੇ ਅਤੇ ਵਾਰਡ ਬਣਾਉਣ ਦੇ ਨਾਲ-ਨਾਲ ਲੋੜੀਂਦੀਆਂ ਦਵਾਈਆਂ ਅਤੇ ਹੋਰ ਬੁਨਿਆਦੀ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾਣ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਵਧੀਆ ਇਲਾਜ ਮਿਲ ਸਕੇ।
ਇਸੇ ਦੌਰਾਨ ਹਸਪਤਾਲ ਦੀ ਸਟਾਫ਼ ਨਰਸ ਹਰਜੀਤ ਕੌਰ ਨੇ ਦੱਸਿਆ ਕਿ ਬਾਰਿਸ਼ ਦੇ ਦਿਨਾਂ ਵਿੱਚ ਵਾਰਡ ਦੇ ਅੰਦਰ ਪਾਣੀ ਭਰ ਜਾਂਦਾ ਹੈ। ਇਸ ਕਾਰਨ ਮਰੀਜ਼ਾਂ ਅਤੇ ਸਟਾਫ਼ ਲਈ ਬੈਠਣ ਤੱਕ ਦੀ ਜਗ੍ਹਾ ਨਹੀਂ ਬਚਦੀ। ਉਨ੍ਹਾਂ ਕਿਹਾ ਕਿ ਪਾਣੀ ਭਰਨ ਕਾਰਨ ਸੱਪਾਂ ਅਤੇ ਹੋਰ ਜ਼ਹਿਰੀਲੇ ਕੀੜੇ-ਮਕੌੜਿਆਂ ਦੇ ਨਿਕਲਣ ਦਾ ਡਰ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਮਾਰਤ ਦੀ ਮੁਰੰਮਤ ਸਬੰਧੀ ਕਈ ਵਾਰ ਅਧਿਕਾਰੀਆਂ ਨੂੰ ਲਿਖਤੀ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਸਮੱਸਿਆ ਦਾ ਅਜੇ ਤੱਕ ਪੱਕਾ ਹੱਲ ਨਹੀਂ ਹੋ ਸਕਿਆ।
ਦੂਜੇ ਪਾਸੇ ਪੀ.ਐਚ.ਸੀ. ਦੋਰਾਂਗਲਾ ਵਿਖੇ ਤੈਨਾਤ ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਰਾਣੀ ਇਮਾਰਤ ਨੂੰ ਪਿਛਲੇ ਹੜ੍ਹਾਂ ਦੌਰਾਨ ਕਾਫ਼ੀ ਨੁਕਸਾਨ ਪਹੁੰਚਿਆ ਸੀ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਨਵੀਂ ਇਮਾਰਤ ਅਤੇ ਮੁਰੰਮਤ ਸਬੰਧੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਗਿਆ ਹੈ।  ਐਸ.ਡੀ.ਐਮ. ਦੀਨਾਨਗਰ ਅਤੇ ਪੀ.ਡਬਲਿਊ.ਡੀ. ਦੇ ਜੇ.ਈ. ਰਾਹੀਂ ਲੋੜੀਂਦੇ ਐਸਟੀਮੇਟ ਤਿਆਰ ਕਰਵਾ ਕੇ ਚੰਡੀਗੜ੍ਹ ਸਥਿਤ ਸਬੰਧਤ ਦਫ਼ਤਰ ਨੂੰ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਖਸਤਾਹਾਲ ਕਲੈਰੀਕਲ ਬਿਲਡਿੰਗ ਨੂੰ ਢਾਹੁਣ ਸਬੰਧੀ ਵੀ ਪੀ.ਡਬਲਿਊ.ਡੀ. ਵਿਭਾਗ ਵੱਲੋਂ ਮੌਕੇ ਦਾ ਨਿਰੀਖਣ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਇਮਾਰਤ ਨਾਲ ਜੁੜੀਆਂ ਮੁਸ਼ਕਲਾਂ ਦੇ ਬਾਵਜੂਦ ਹਸਪਤਾਲ ਦਾ ਸਟਾਫ਼ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾ ਰਿਹਾ ਹੈ ਅਤੇ ਮਰੀਜ਼ਾਂ ਨੂੰ ਬਿਹਤਰ ਤੋਂ ਬਿਹਤਰ ਇਲਾਜ ਅਤੇ ਉਪਲਬਧ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਇਲਾਕਾ ਨਿਵਾਸੀਆਂ ਅਤੇ ਹਸਪਤਾਲ ਦੇ ਸਟਾਫ਼ ਨੇ ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਰਾਂਗਲਾ ਸਰਕਾਰੀ ਹਸਪਤਾਲ ਦੀ ਖਸਤਾਹਾਲ ਇਮਾਰਤ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ।

LEAVE A REPLY

Please enter your comment!
Please enter your name here