ਬਰਨਾਲਾ ’ਚ ਪਾਣੀ ਵਾਲੀ ਟੈਂਕੀ ਤੇ ਚੜ੍ਹੀਆਂ 3 ਲੜਕੀਆਂ/ ਰੇਪ ਮਾਮਲੇ ’ਚ ਇਨਸਾਫ ਦੀ ਕੀਤੀ ਮੰਗ/ ਪੁਲਿਸ ’ਤੇ ਲਾਏ ਢਿੱਲੀ ਕਾਰਵਾਈ ਦੇ ਇਲਜ਼ਾਮ

0
2

 

ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਐਸ.ਐਸ.ਪੀ. ਦਫ਼ਤਰ ਦੇ ਨਾਲ ਬਣੀ ਪਾਣੀ ਵਾਲੀ ਟੈਂਕੀ ’ਤੇ ਤਿੰਨ ਲੜਕੀਆਂ ਚੜ੍ਹ ਗਈਆਂ ਹਨ। ਲੜਕੀਆਂ ਦਾ ਦੋਸ਼ ਹੈ ਕਿ ਉਹ ਜਬਰ ਜਨਾਹ ਦੇ ਮਾਮਲਿਆਂ ਵਿੱਚ ਕਈ ਮਹੀਨਿਆਂ ਤੋਂ ਇਨਸਾਫ਼ ਦੀ ਮੰਗ ਕਰ ਰਹੀਆਂ ਹਨ, ਪਰ ਪੁਲਿਸ ਵੱਲੋਂ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਲੜਕੀਆਂ ਨੇ ਇਨਸਾਫ ਨਾ ਮਿਲਣ ਤੇ ਖੁਦਕੁਸ਼ੀ ਦੀ ਧਮਕੀ ਦਿੱਤੀ ਹੈ।
ਲੜਕੀਆਂ ਮੁਤਾਬਕ ਉਨ੍ਹਾਂ ਨੇ ਐਸ.ਐਸ.ਪੀ. ਬਰਨਾਲਾ ਨੂੰ ਕੁਝ ਵਿਅਕਤੀਆਂ ਖ਼ਿਲਾਫ਼ ਵਿਆਹ ਦਾ ਝਾਂਸਾ ਦੇਣ, ਬਲੈਕਮੇਲ ਕਰਨ ਅਤੇ ਜਬਰ ਜਨਾਹ ਦੇ ਦੋਸ਼ਾਂ ਸਬੰਧੀ ਦਰਖ਼ਾਸਤਾਂ ਦਿੱਤੀਆਂ ਸਨ। ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਦੋਸ਼ੀਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ।
ਇਹ ਤਿੰਨੋਂ ਲੜਕੀਆਂ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਵਿਅਕਤੀਆਂ ਖ਼ਿਲਾਫ਼ ਜਬਰ ਜਨਾਹ ਦੇ ਦੋਸ਼ਾਂ ਤਹਿਤ ਕਾਰਵਾਈ ਮੰਗੀ ਹੈ। ਲੜਕੀਆਂ ਮੁਤਾਬਕ ਇਹ ਮਾਮਲੇ ਬਰਨਾਲਾ ਪੁਲਿਸ ਦੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਇੱਕ ਮਹਿਲਾ ਡੀ.ਐਸ.ਪੀ. ਕੋਲ ਵਿਚਾਰ ਅਧੀਨ ਹਨ ਪਰ ਲੰਬੇ ਸਮੇਂ ਤੋਂ ਇਨਸਾਫ਼ ਦੀ ਉਡੀਕ ਕਰਨ ਤੋਂ ਬਾਅਦ ਅੱਜ ਉਨ੍ਹਾਂ ਨੂੰ ਇਹ ਸਖ਼ਤ ਕਦਮ ਚੁੱਕਣਾ ਪਿਆ। ਪੁਲਿਸ ਪ੍ਰਸ਼ਾਸਨ ਵੱਲੋਂ ਲੜਕੀਆਂ ਨੂੰ ਹੇਠਾਂ ਉਤਾਰਨ ਅਤੇ ਮਾਮਲੇ ਨੂੰ ਸੁਣਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਾਮਲੇ ਵਿੱਚ ਪੁਲਿਸ ਦਾ ਪੱਖ ਸਾਹਮਣੇ ਆਉਣਾ ਅਜੇ ਬਾਕੀ ਹੈ।
ਤਿੰਨਾਂ ਨੇ ਆਰੋਪ ਲਗਾਇਆ ਕਿ 3 ਨੌਜਵਾਨਾਂ ਨੇ ਵਿਆਹ ਦਾ ਵਾਅਦਾ ਕਰਕੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਏ, ਪਰ ਹੁਣ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇੱਕ ਕੁੜੀ ਨੇ ਦੱਸਿਆ ਕਿ ਨੌਜਵਾਨ ਨਾਲ ਉਸ ਦਾ ਰੋਕਾ ਹੋਇਆ ਸੀ। ਰੋਕੇ ਤੋਂ ਬਾਅਦ ਨੌਜਵਾਨ ਨੇ ਵਿਆਹ ਦਾ ਭਰੋਸਾ ਦੇ ਕੇ ਕਰੀਬ ਇੱਕ ਸਾਲ ਤੱਕ ਉਸ ਨਾਲ ਸਰੀਰਕ ਸਬੰਧ ਬਣਾਏ, ਪਰ ਬਾਅਦ ਵਿੱਚ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਦੂਜੀ ਪੀੜਤਾ ਦੇ ਅਨੁਸਾਰ ਉਹ ਕਰੀਬ ਡੇਢ ਸਾਲ ਤੱਕ ਨੌਜਵਾਨ ਨਾਲ ਰਿਸ਼ਤੇ ਵਿੱਚ ਰਹੀ। ਇਸ ਦੌਰਾਨ ਨੌਜਵਾਨ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਬਾਅਦ ਵਿੱਚ ਉਸ ਨੂੰ ਨੌਜਵਾਨ ਦੇ ਪਹਿਲਾਂ ਹੀ ਵਿਆਹਿਆ ਹੋਣ ਦਾ ਪਤਾ ਚੱਲਿਆ, ਜਿਸ ਤੋਂ ਬਾਅਦ ਉਸ ਨੇ ਕੁੜੀ ਦਾ ਫੋਨ ਨੰਬਰ ਬਲਾਕ ਕਰ ਦਿੱਤਾ। ਤੀਜੀ ਕੁੜੀ ਨੇ ਦੱਸਿਆ ਕਿ ਉਹ ਕਰੀਬ ਦੋ ਸਾਲ ਤੋਂ ਨੌਜਵਾਨ ਨਾਲ ਰਹਿ ਰਹੀ ਸੀ। ਨੌਜਵਾਨ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰ ਕੇ ਸਰੀਰਕ ਸਬੰਧ ਬਣਾਏ ਅਤੇ ਫਿਰ ਬਿਨਾਂ ਦੱਸੇ ਵਿਦੇਸ਼ ਚਲਾ ਗਿਆ ਹੈ।  ਪੁਲਿਸ ਮੁਤਾਬਕ ਸ਼ਿਕਾਇਤਾਂ ਦੀ ਰਿਪੋਰਟ ਕਾਨੂੰਨੀ ਕਾਰਵਾਈ ਲਈ ਸਬੰਧਤ DLA ਸੈੱਲ ਨੂੰ ਭੇਜੀ ਜਾ ਚੁੱਕੀ ਹੈ ਅਤੇ ਕੁੜੀਆਂ ਦੇ ਬਿਆਨਾਂ ਮੁਤਾਬਕ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here