ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪ੍ਰੈੱਸ ਕਾਨਫਰੰਸ/ ਸਿੱਖਿਆ ਖੇਤਰ ਦੀਆਂ ਪ੍ਰਾਪਤੀਆਂ ਦਾ ਕੀਤਾ ਗੁਣਗਾਣ/ 16 ਹਜ਼ਾਰ ਸਕੂਲਾਂ ਦੀ ਕਾਇਆਕਲਪ ਦਾ ਦਾਅਵਾ

0
3

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਨਵੀਆਂ ਸਹੂਲਤਾਂ ਦੇਣ ਲਈ ਸਰਕਾਰ ਦੇ ਕੀਤੇ ਕੰਮਾਂ ਦਾ ਗੁਣਗਾਣ ਕੀਤਾ ਹੈ। ਹਰਜੋਤ ਬੈਂਸ ਨੇ ਕਿਹਾ ਕਿ ਸਰਕਾਰ ਨੇ ਆਪਣੇ ਸਾਢੇ-4 ਸਾਲਾਂ ਦਾ ਕਾਰਜਕਾਲ ਦੌਰਾਨ ਸਕੂਲ ਸਿੱਖਿਆ ਦਾ ਮਿਆਰ ਉੱਚਾ ਚੁਕਣ ਲਈ ਉਹ ਕੁੱਝ ਕਰ ਵਿਖਾਇਆ ਹੈ, ਜਿਸ ਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ।  ਉਨ੍ਹਾਂ ਕਿਹਾ ਕਿ ਸਰਕਾਰ ਬਣਨ ਵੇਲੇ 20 ਹਜ਼ਾਰ ਸਕੂਲ ਚਾਰਦੀਵਾਰੀ ਤੋਂ ਵਾਂਝੇ ਸਨ ਅਤੇ ਅੱਜ ਚਾਰ ਸਾਲ ਬਾਅਦ 99 ਫੀਸਦੀ ਸਕੂਲਾਂ ਦੀਆਂ ਚਾਰਦੀਵਾਰੀਆਂ ਬਣਾ ਦਿੱਤੀਆਂ ਗਈਆਂ ਹਨ।  ਉਨ੍ਹਾਂ ਨੇ 16 ਹਜ਼ਾਰ ਸਕੂਲਾਂ ਦੀ ਕਾਇਆਕਲਪ ਕਰਨ ਦਾ ਦਾਅਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਮਾਨ ਸਰਕਾਰ ਦੇ ਸਿੱਖਿਆ ਖੇਤਰ ਵਿਚ ਕੰਮਾਂ ਦੀ ਬਦੌਲਤ ਅੱਜ 99 ਪ੍ਰਤੀਸ਼ਤ ਸਕੂਲਾਂ ਵਿੱਚ ਚਾਰਦੀਵਾਰੀ ਹੈ। ਸਾਰੇ ਸਕੂਲਾਂ ਵਿੱਚ ਕਾਰਜਸ਼ੀਲ ਪਖਾਨੇ ਹਨ। ਕਲਾਸਰੂਮਾਂ ਲਈ 200,000 ਡੈਸਕ ਪਹੁੰਚਾਏ ਗਏ ਹਨ। ਸਕੂਲਾਂ ਵਿੱਚ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ। ਇਸੇ ਤਰ੍ਹਾਂ 9,000 ਵਾਧੂ ਕਲਾਸਰੂਮ ਬਣਾਏ ਗਏ ਅਤੇ ਹਜ਼ਾਰਾਂ ਕਲਾਸਰੂਮਾਂ ਨੂੰ ਅਪਗ੍ਰੇਡ ਕੀਤਾ ਗਿਆ। ਅੱਜ 10,000 ਤੋਂ ਵੱਧ ਕਲਾਸਰੂਮਾਂ ਵਿੱਚ ਸਮਾਰਟ ਬੋਰਡ ਪੈਨਲ ਹਨ। 5,012 ਸਕੂਲਾਂ ਵਿੱਚ ਉੱਨਤ ਕੰਪਿਊਟਰ ਲੈਬਾਂ ਬਣਾਈਆਂ ਗਈਆਂ ਅਤੇ 99 ਪ੍ਰਤੀਸ਼ਤ ਸਕੂਲ ਵਾਈਫਾਈ ਨਾਲ ਲੈਸ ਕੀਤਾ ਗਿਆ ਹੈ। ਸਕੂਲਾਂ ਵਿੱਚ ਖੇਡ ਬੁਨਿਆਦੀ ਢਾਂਚੇ ‘ਤੇ ਵੀ ਵਿਆਪਕ ਕੰਮ ਕੀਤਾ ਗਿਆ ਹੈ।
ਸਕੂਲਾਂ ਅੰਦਰ ਪ੍ਰਾਈਵੇਟ ਸਕੂਲਾਂ ਵਾਂਗ ਬੱਸ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਪੰਜਾਬ ਨੇ ਆਪਣੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਸਿੰਗਾਪੁਰ, ਪ੍ਰਾਇਮਰੀ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਅਤੇ ਹੈੱਡਮਾਸਟਰਾਂ ਨੂੰ ਸਿਖਲਾਈ ਲਈ ਅਹਿਮਦਾਬਾਦ ਭੇਜਿਆ ਹੈ। ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੁਰੱਖਿਆ ਗਾਰਡ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਕੂਲਾਂ ਅੰਦਰ ਕਿਤਾਬਾਂ ਕਾਫੀ ਦੇਰ ਨਾਲ ਪਹੁੰਚੀਆਂ ਸਨ ਪਰ ਹੁਣ  ਵਿਦਿਆਰਥੀਆਂ ਨੂੰ ਫਰਵਰੀ ਵਿੱਚ ਸਮੇਂ ਸਿਰ ਆਪਣੀਆਂ ਕਿਤਾਬਾਂ ਅਤੇ ਵਰਦੀਆਂ ਮਿਲਣ ਲੱਗੀਆਂ ਹਨ।

 

LEAVE A REPLY

Please enter your comment!
Please enter your name here