ਅੰਮ੍ਰਿਤਸਰ ’ਚ ਭਾਜਪਾ ਦਾ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ/ ਸੋਨੀਆ ਗਾਂਧੀ ਦਾ ਪੁਤਲਾ ਫੂਕਿਆ/ ਵੰਦੇ ਮਾਤਰਮ ਦੌਰਾਨ ਕਥਿਤ ਵਿਵਹਾਰ ’ਤੇ ਜਤਾਇਆ ਰੋਸ

0
2

 

ਅੰਮ੍ਰਿਤਸਰ ਵਿਖੇ ਭਾਜਪਾ ਵੱਲੋਂ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸਲੀਲ ਕਪੂਰ ਦੀ ਅਗਵਾਈ ਹੇਠ ਕਾਂਗਰਸ ਭਵਨ ਦੇ ਬਾਹਰ ਇਕੱਤਰ ਹੋਏ ਭਾਜਪਾ ਵਰਕਰਾਂ ਨੇ ਸੋਨੀਆ ਗਾਂਧੀ ਦਾ ਪੁਤਲਾ ਫੂਕਿਆ ਅਤੇ ਕਾਂਗਰਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਸਮੂਹਿਕ ਤੌਰ ’ਤੇ ਵੰਦੇ ਮਾਤਰਮ ਦਾ ਗਾਇਨ ਵੀ ਕੀਤਾ। ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦਿਆਂ ਜ਼ਿਲ੍ਹਾ ਪ੍ਰਧਾਨ ਸਲੀਲ ਕਪੂਰ ਨੇ ਕਿਹਾ ਕਿ ਰਾਸ਼ਟਰੀ ਸਨਮਾਨ ਨਾਲ ਜੁੜੇ ਮੁੱਦਿਆਂ ’ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਦੋਸ਼ ਲਗਾਇਆ ਕਿ ਹਾਲ ਹੀ ਵਿੱਚ ਇੱਕ ਸਮਾਗਮ ਦੌਰਾਨ ਵੰਦੇ ਮਾਤਰਮ ਦੇ ਗਾਇਨ ਸਮੇਂ ਸੋਨੀਆ ਗਾਂਧੀ ਵੱਲੋਂ ਪਾਰਟੀ ਪ੍ਰਧਾਨ ਨੂੰ ਬੈਠਣ ਲਈ ਕਹਿਣ ਵਾਲੀ ਘਟਨਾ ਨੂੰ ਭਾਜਪਾ ਗੰਭੀਰਤਾ ਨਾਲ ਦੇਖਦੀ ਹੈ। ਸਲੀਲ ਕਪੂਰ ਨੇ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇੱਕ ਗੀਤ ਨਹੀਂ, ਸਗੋਂ ਦੇਸ਼ ਦੀਆਂ ਭਾਵਨਾਵਾਂ ਅਤੇ ਰਾਸ਼ਟਰੀ ਸਨਮਾਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਗੀਤ ਵਜਾਇਆ ਜਾਂਦਾ ਹੈ ਤਾਂ ਦੇਸ਼ ਦਾ ਹਰ ਨਾਗਰਿਕ, ਚਾਹੇ ਉਹ ਬੱਚਾ ਹੋਵੇ ਜਾਂ ਬਜ਼ੁਰਗ, ਸਨਮਾਨ ਨਾਲ ਖੜ੍ਹਾ ਹੋ ਕੇ ਇਸ ਨੂੰ ਸੁਣਦਾ ਹੈ। ਅਜਿਹੇ ਵਿੱਚ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਕਥਿਤ ਅਸਨਮਾਨਜਨਕ ਵਿਵਹਾਰ ਨੂੰ ਭਾਜਪਾ ਸਵੀਕਾਰ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਇਸੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਕਾਂਗਰਸ ਭਵਨ ਦੇ ਬਾਹਰ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਨੇ ਮੌਕੇ ’ਤੇ ਸਮੂਹਿਕ ਤੌਰ ’ਤੇ ਵੰਦੇ ਮਾਤਰਮ ਦਾ ਗਾਇਨ ਕਰਕੇ ਰਾਸ਼ਟਰੀ ਭਾਵਨਾ ਦਾ ਸੰਦੇਸ਼ ਦਿੱਤਾ। ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ’ਤੇ ਦੇਸ਼ ਵਿਰੋਧੀ ਸੋਚ ਰੱਖਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਨੂੰ ਦੇਸ਼ ਦੀਆਂ ਭਾਵਨਾਵਾਂ ਅਤੇ ਰਾਸ਼ਟਰੀ ਪ੍ਰਤੀਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਮੁਆਫ਼ੀ ਮੰਗਣ ਨਾਲ ਮਾਮਲਾ ਖ਼ਤਮ ਨਹੀਂ ਹੋ ਜਾਂਦਾ, ਸਗੋਂ ਸਿਆਸੀ ਪਾਰਟੀਆਂ ਨੂੰ ਆਪਣੇ ਆਚਰਨ ਅਤੇ ਸੋਚ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here