ਸੰਗਰੂਰ ਦੇ ਪਿੰਡ ਨਾਗਰਾ ਵਾਸੀਆਂ ਨੂੰ ਮੰਤਰੀ ਅਮਨ ਅਰੋੜਾ ਦਾ ਤੋਹਫਾ/ ਵਾਟਰ ਵਰਕਸ ਦਾ ਕੀਤਾ ਉਦਘਾਟਨ/ 758 ਘਰਾਂ ਤੱਕ ਪਹੁੰਚੇਗਾ ਸਾਫ ਪਾਣੀ

0
3

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਨਾਗਰਾ ਪਿੰਡ ਵਿੱਚ 2 ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਵਰਕਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਕਰੀਬ 17 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾਵੇਗੀ, ਜਿਸ ਨਾਲ 758 ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਮਿਲੇਗੀ। ਇਸ ਤੋਂ ਇਲਾਵਾ ਡੇਢ ਲੱਖ ਲੀਟਰ ਸਮਰੱਥਾ ਵਾਲਾ ਓਵਰਹੈੱਡ ਟੈਂਕ ਵੀ ਬਣਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅੱਜ ਹਲਕੇ ਦੇ 29 ਪਿੰਡਾਂ ਨਾਲ ਸਬੰਧਤ 54 ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ‘ਤੇ ਕੁੱਲ 12 ਕਰੋੜ 60 ਲੱਖ ਰੁਪਏ ਖਰਚ ਹੋਣਗੇ। ਇਨ੍ਹਾਂ ਵਿੱਚ ਵਾਟਰ ਵਰਕਸ, ਖੇਡ ਮੈਦਾਨ, ਛੱਪੜਾਂ ਦੀ ਸੰਭਾਲ, ਗਲੀਆਂ-ਨਾਲੀਆਂ ਅਤੇ ਧਰਮਸ਼ਾਲਾਵਾਂ ਸਮੇਤ ਵੱਖ-ਵੱਖ ਵਿਕਾਸ ਕਾਰਜ ਸ਼ਾਮਲ ਹਨ।
ਭਾਈ ਹਵਾਰਾ ਦੀ ਪੈਰੋਲ ਦੇ ਮੁੱਦੇ ‘ਤੇ ਅਮਨ ਅਰੋੜਾ ਨੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ 10 ਦਿਨਾਂ ਦੀ ਪੈਰੋਲ ਦੀ ਬੇਨਤੀ ਕੀਤੀ ਗਈ ਸੀ ਅਤੇ ਇਹ ਮਾਮਲਾ ਮਨੁੱਖੀ ਅਧਿਕਾਰਾਂ ਤੇ ਮਾਨਵੀ ਆਧਾਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਤਾ ਦੀ ਆਪਣੇ ਪੁੱਤਰ ਨੂੰ ਮਿਲਣ ਦੀ ਇੱਛਾ ਨੂੰ ਦੇਖਦਿਆਂ 10 ਦਿਨ ਦੀ ਪੈਰੋਲ ਦਿੱਤੀ ਜਾਣੀ ਚਾਹੀਦੀ ਸੀ। ਉਨ੍ਹਾਂ ਭਾਜਪਾ ‘ਤੇ ਇਸ ਮਾਮਲੇ ਵਿੱਚ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਵੀ ਲਾਇਆ।
ਫਾਰਮੇਸੀ ਪ੍ਰੀਖਿਆ ਵਿੱਚ ਨਕਲ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਕਥਿਤ ਨਕਲ ਨੂੰ 15 ਮਿੰਟਾਂ ਵਿੱਚ ਹੀ ਡਿਟੈਕਟ ਕਰ ਲਿਆ ਗਿਆ ਸੀ ਅਤੇ ਇਸ ਤੋਂ ਬਾਅਦ ਮੁੜ ਪ੍ਰੀਖਿਆ ਵੀ ਕਰਵਾਈ ਗਈ। ਉਨ੍ਹਾਂ ਸਰਕਾਰ ਦੇ ਕਾਰਜਕਾਲ ਦੌਰਾਨ ਪੇਪਰ ਲੀਕ ਜਾਂ ਵੱਡੇ ਸਕੈਂਡਲ ਨਾ ਹੋਣ ਦਾ ਦਾਅਵਾ ਕੀਤਾ। ਪੰਜਾਬ ਦੇ ਪਾਣੀ ਦੀ ਰਾਇਲਟੀ ਦੇ ਮੁੱਦੇ ‘ਤੇ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦਾ ਪਾਣੀ ਗੁਆਂਢੀ ਸੂਬਿਆਂ ਨੂੰ ਮੁਫ਼ਤ ਨਹੀਂ ਜਾਣਾ ਚਾਹੀਦਾ।
ਰਾਜਸਥਾਨ ਅਤੇ ਹਰਿਆਣਾ ਤੋਂ 1.44 ਲੱਖ ਕਰੋੜ ਰੁਪਏ ਦੀ ਮੰਗ ਨੂੰ ਵਾਜਬ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਕੁਦਰਤੀ ਸਰੋਤ ਦੀ ਕੀਮਤ ਹਾਸਲ ਕਰਨ ਦਾ ਹੱਕ ਰੱਖਦਾ ਹੈ। ਅੰਤ ਵਿੱਚ ED ਵੱਲੋਂ ਰਾਜਵੀਰ ਘੁੰਮਣ ਖ਼ਿਲਾਫ਼ FIR ਦੀ ਮੰਗ ‘ਤੇ ਉਨ੍ਹਾਂ ਕੇਂਦਰ ਸਰਕਾਰ ‘ਤੇ ਸਿਆਸੀ ਏਜੰਸੀਆਂ ਦੀ ਵਰਤੋਂ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਧੱਕਾ ਕਰਨ ਦੀ ਕੋਸ਼ਿਸ਼ ਦਾ ਪੰਜਾਬੀ ਹਮੇਸ਼ਾ ਜਵਾਬ ਦਿੰਦੇ ਰਹੇ ਹਨ ਅਤੇ ਕੇਂਦਰ ਦੇ ਇਸ ਧੱਕੇ ਦਾ ਲੋਕ ਜਵਾਬ ਜ਼ਰੂਰ ਦੇਣਗੇ।

LEAVE A REPLY

Please enter your comment!
Please enter your name here