ਅੰਮ੍ਰਿਤਸਰ ਪੁਲਿਸ ਵੱਲੋਂ ਹਥਿਆਰ ਤਸਕਰੀ ਦਾ ਪਰਦਾਫਾਸ਼/ 7 ਦੋਸ਼ੀ ਗ੍ਰਿਫਤਾਰ/ 10 ਪਿਸਤੌਲ, 1 ਕਿਲੋ 54 ਗ੍ਰਾਮ ਹੈਰੋਇਨ ਤੇ ਡਰੋਨ ਬਰਾਮਦ

0
2

ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰੋਂ ਨਸ਼ੇ ਤੇ ਹਥਿਆਰ ਤਸਕਰੀ ਕਰਨ ਵਾਲੇ ਦੋ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਪਿਸਤੌਲ, 1 ਕਿਲੋ 54 ਗ੍ਰਾਮ ਹੈਰੋਇਨ, 5 ਜ਼ਿੰਦਾ ਕਾਰਤੂਸ ਅਤੇ ਇੱਕ ਡਰੋਨ ਬਰਾਮਦ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਦਾ ਤਾਰ ਗੁਆਢੀ ਮੁਲਕ ਵਿਚ ਬੈਠੇ ਤਸਕਰਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਤੋਂ ਨਸ਼ੇ ਅਤੇ ਹਥਿਆਰਾਂ ਦੀਆਂ ਖੇਪਾਂ ਮੰਗਵਾ ਕੇ ਅੱਗੇ ਸਪਲਾਈ ਕਰਦੇ ਸਨ। ਪੁਲਿਸ ਵੱਲੋਂ ਮੁਲਜ਼ਮਾਂ ਦੀ ਅਗਲੀ ਪੁਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਮੁਤਾਬਕ ਪਹਿਲੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਕੋਲੋਂ 1 ਕਿਲੋ 54 ਗ੍ਰਾਮ ਹੈਰੋਇਨ, ਇੱਕ ਜ਼ਿੰਦਾ ਕਾਰਤੂਸ ਅਤੇ ਇੱਕ ਡਰੋਨ ਬਰਾਮਦ ਹੋਇਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਰੋਨ ਦੀ ਵਰਤੋਂ ਪਾਕਿਸਤਾਨ ਵਾਲੇ ਪਾਸੋਂ ਨਸ਼ੇ ਦੀ ਖੇਪ ਡ੍ਰੌਪ ਕਰਨ ਲਈ ਕੀਤੀ ਜਾਣੀ ਸੀ। ਮੁਲਜ਼ਮਾਂ ਦੇ ਵਿਦੇਸ਼ ਬੈਠੇ ਸਮੱਗਲਰਾਂ ਨਾਲ ਸੰਪਰਕ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਦੂਜੇ ਮਾਮਲੇ ਵਿੱਚ ਪੁਲਿਸ ਨੇ 4 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 7 ਪਿਸਤੌਲ ਬਰਾਮਦ ਕੀਤੇ ਹਨ।
ਪੁਲਿਸ ਅਨੁਸਾਰ ਇਨ੍ਹਾਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਇਹ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਨਾਲ-ਨਾਲ ਹਥਿਆਰ ਅੱਗੇ ਸਪਲਾਈ ਕਰਨ ਅਤੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਦੀ ਤਿਆਰੀ ਵਿੱਚ ਸਨ। ਪੁਲਿਸ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਸ ਕਾਰਵਾਈ ਦਾ 15 ਅਗਸਤ ਨਾਲ ਸਿੱਧਾ ਸਬੰਧ ਨਹੀਂ ਹੈ। ਮੋਬਾਈਲ ਫੋਰੈਂਸਿਕਸ ਰਾਹੀਂ ਪਾਕਿਸਤਾਨੀ ਸਮੱਗਲਰਾਂ ਅਤੇ ਵਿਦੇਸ਼ ਬੈਠੇ ਗੈਂਗਸਟਰਾਂ ਨਾਲ ਪੁਰਾਣੇ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਆਪਣੇ ਸਥਾਨਕ ਗੁਰਗਿਆਂ ਰਾਹੀਂ ਰੈਂਸਮ ਕਾਲਾਂ, ਫਾਇਰਿੰਗ ਅਤੇ ਹੋਰ ਵਾਰਦਾਤਾਂ ਦੀਆਂ ਅਸਾਈਨਮੈਂਟਾਂ ਦਿੰਦੇ ਹਨ। ਵਿਦੇਸ਼ ਬੈਠੇ ਅਪਰਾਧੀਆਂ ਨੂੰ ਐਕਸਟ੍ਰਾਡੀਸ਼ਨ ਰਾਹੀਂ ਭਾਰਤ ਲਿਆਉਣ ਲਈ ਵੀ ਕਾਰਵਾਈ ਚੱਲ ਰਹੀ ਹੈ। ਪੁਲਿਸ ਨੇ 15 ਅਗਸਤ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਵੀ ਸਖ਼ਤ ਕੀਤੇ ਹਨ। ਸ਼ਹਿਰ ਵਿੱਚ 18 ਦਿਨ ਅਤੇ 18 ਰਾਤ ਦੇ ਪੱਕੇ ਨਾਕੇ ਲਗਾਏ ਗਏ ਹਨ, ਜਦਕਿ ਵੱਖ-ਵੱਖ ਅਧਿਕਾਰੀਆਂ ਅਤੇ ਟੀਮਾਂ ਵੱਲੋਂ ਵਾਧੂ ਨਾਕਾਬੰਦੀ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here