ਪੰਜਾਬ ਮੋਗਾ ’ਚ ਨੈਸਲੇ ਫੈਕਟਰੀ ਅੱਗ ਕਿਸਾਨਾਂ ਦਾ ਧਰਨਾ/ ਦੁੱਧ ਦੇ ਰੇਟਾਂ ’ਚ ਕਥਿਤ ਵਿਤਕਰਾ ਬੰਦ ਕਰਨ ਦੀ ਮੰਗ/ ਮੰਗਾਂ ਨਾ ਮੰਨਣ ਤੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ By admin - August 8, 2026 0 2 Facebook Twitter Pinterest WhatsApp ਕਿਸਾਨਾਂ ਵੱਲੋਂ ਅੱਜ ਦੁੱਧ ਦੇ ਰੇਟਾਂ ਨੂੰ ਲੈ ਕੇ ਮੋਗਾ ਸਥਿਤ ਨੈਸਲੇ ਡੇਅਰੀ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਦੁੱਧ ਦੇ ਖਰੀਦ ਰੇਟਾਂ ਵਿਚ ਕਥਿਤ ਵਿਤਰਕੇਬਾਜ਼ੀ ਦੇ ਇਲਜ਼ਾਮ ਲਾਉਂਦਿਆਂ ਦੁੱਧ ਦੇ ਰੇਟਾਂ ਵਿਚ ਵਾਧਾ ਕਰਨ ਦੀ ਮੰਗ ਕੀਤੀ। ਕਿਸਾਨਾਂ ਨੇ ਵੇਰਕਾ ਦੇ ਬਰਾਬਰ ਰੇਟ ਵਧਾਉਣ ਅਤੇ ਨੌਂ ਦਿਨਾਂ ਦਾ ਬਕਾਇਆ ਹਰ ਕਿਸਾਨ ਦੇ ਖਾਤੇ ਵਿੱਚ ਪਾਉਣ ਦੀ ਮੰਗ ਵੀ ਕੀਤੀ। ਕਿਸਾਨਾਂ ਕਿਹਾ ਕਿ ਜੇਕਰ ਪ੍ਰਬੰਧਕਾਂ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਾਦਲ ਸਿੰਘ ਅਤੇ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਬੱਧਨੀ ਖੁਰਦ ਨੇ ਕਿਹਾ ਕਿ ਦਿਨੋ ਦਿਨ ਵੱਧ ਰਹੀ ਮਹਿੰਗਾਈ ਕਾਰਨ ਨੈਸਲੇ ਡੇਅਰੀ ਵੱਲੋਂ ਉਹਨਾਂ ਦਾ ਕਮਿਸ਼ਨ 3%ਤੋਂ ਵਧਾ ਕੇ 4% ਕੀਤਾ ਜਾਵੇ। ਫੈਟ ਦੀ ਕਾਟ 4.7 ਕੀਤੀ ਜਾਵੇ ਅਤੇ ਐਸ ਐਨ ਐਫ 9.50 ਕੀਤੀ ਜਾਵੇ। ਦੁੱਧ ਠੰਡਾ ਕਰਨ ਵਾਲੇ ਪੈਕੋ ਬਦਲੀ ਕਰਕੇ ਨਵੇਂ ਲਗਾਏ ਜਾਣ। ਦੁੱਧ ਟੈਸਟ ਕਰਨ ਵਾਲਾ ਸਮਾਨ ਮੁਹੱਈਆ ਕਰਵਾਇਆ ਜਾਵੇ। ਜਾਣਕਾਰੀ ਦਿੰਦਿਆਂ ਹੋਇਆਂ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਪੰਜਾਬ ਦੇ ਕਿਸਾਨਾਂ ਅਤੇ ਡੇਅਰੀ ਫਾਰਮਰਾਂ ਦੇ ਹਿੱਤਾਂ ਦੀ ਰੱਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨੈਸਲੇ ਵਰਗੀ ਵੱਡੀ ਕੰਪਨੀ ਨੇ ਖੇਤਰ ਦੇ ਹਜ਼ਾਰਾਂ ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਹੈ, ਪਰ ਮੌਜੂਦਾ ਪ੍ਰਬੰਧਕੀ ਨੀਤੀਆਂ ਕਾਰਨ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਜਥੇਬੰਦੀ ਦੇ ਨੁਮਾਇੰਦਿਆਂ ਨੇ ਦੋਸ਼ ਲਗਾਇਆ ਕਿ ਦੁੱਧ ਦੀ ਖਰੀਦ ਸਬੰਧੀ ਰੇਟਾਂ ਵਿੱਚ ਪਾਰਦਰਸ਼ਤਾ ਨਹੀਂ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖਰੇ ਰੇਟ ਦੇ ਕੇ ਕਿਸਾਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਰੇਟਾਂ ਨੂੰ ਲੈ ਕੇ ਕਈ ਗੰਭੀਰ ਗੜਬੜੀਆਂ ਸਾਹਮਣੇ ਆਈਆਂ ਸਨ, ਜਿਨ੍ਹਾਂ ਕਾਰਨ ਫਾਰਮਰਾਂ ਨੂੰ ਆਰਥਿਕ ਨੁਕਸਾਨ ਹੋਇਆ। ਕਿਹਾ ਕਿ ਉਨ੍ਹਾਂ ਦੀ ਮੰਗ ਕਿਸੇ ਕੰਪਨੀ ਨੂੰ ਬੰਦ ਕਰਵਾਉਣ ਦੀ ਨਹੀਂ, ਸਗੋਂ ਨੈਸਲੇ ਵਰਗੀ ਵੱਡੀ ਕੰਪਨੀ ਦੀ ਸਾਖ ਨੂੰ ਬਰਕਰਾਰ ਰੱਖਦਿਆਂ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਦੀ ਹੈ। ਉਨ੍ਹਾਂ ਮੰਗ ਕੀਤੀ ਕਿ ਦੁੱਧ ਖਰੀਦ ਪ੍ਰਣਾਲੀ ਵਿੱਚ ਇੱਕਸਾਰ ਅਤੇ ਨਿਆਂਪੂਰਨ ਰੇਟ ਲਾਗੂ ਕੀਤੇ ਜਾਣ ਅਤੇ ਕਿਸਾਨਾਂ ਨਾਲ ਹੋ ਰਹੇ ਕਥਿਤ ਵਿਤਕਰੇ ਨੂੰ ਤੁਰੰਤ ਖਤਮ ਕੀਤਾ ਜਾਵੇ। ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ ਏਜੰਟਾਂ ਤੋਂ ਬਾਅਦ ਫਾਰਮਰਾਂ ਨੂੰ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਲੋੜ ਪੈਣ ‘ਤੇ ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠਾ ਕਰਕੇ ਨੈਸਲੇ ਫੈਕਟਰੀ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਕੁਲਵੰਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪਹਿਲਾਂ ਵੀ ਕਈ ਵਾਰ ਕੰਪਨੀ ਪ੍ਰਬੰਧਨ ਨੂੰ ਲਿਖਤੀ ਰੂਪ ਵਿੱਚ ਅਤੇ ਮੀਟਿੰਗਾਂ ਦੌਰਾਨ ਸੌਂਪੀਆਂ ਜਾ ਚੁੱਕੀਆਂ ਹਨ, ਪਰ ਕੰਪਨੀ ਨੇ ਇੱਕ-ਦੋ ਮੰਗਾਂ ਤੋਂ ਇਲਾਵਾ ਬਾਕੀ ਸਾਰੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਮੁੱਖ ਮੰਗ ਦੁੱਧ ਦੇ ਰੇਟਾਂ ਲਈ ਪਾਰਦਰਸ਼ੀ ਬੈਂਚਮਾਰਕ ਨੀਤੀ ਲਾਗੂ ਕਰਨ ਦੀ ਹੈ। ਮਾਲਵਾ ਅਤੇ ਮਾਝਾ ਖੇਤਰ ਵਿੱਚ ਜਿੱਥੇ ਹੋਰ ਕੰਪਨੀਆਂ ਵੱਧ ਰੇਟ ਦੇ ਰਹੀਆਂ ਹਨ, ਉੱਥੇ ਉਸੇ ਅਨੁਸਾਰ ਨੈਸਲੇ ਵੀ ਕਿਸਾਨਾਂ ਨੂੰ ਭੁਗਤਾਨ ਕਰੇ। ਜੇਕਰ ਕੰਪਨੀ ਵੇਰਕਾ ਨੂੰ ਹੀ ਆਧਾਰ ਮੰਨਦੀ ਹੈ ਤਾਂ ਵੇਰਕਾ ਵੱਲੋਂ ਜਦੋਂ ਵੀ ਰੇਟਾਂ ਵਿੱਚ ਵਾਧਾ ਕੀਤਾ ਜਾਵੇ, ਉਸੇ ਦਿਨ ਨੈਸਲੇ ਵੀ ਆਪਣੇ ਰੇਟ ਵਧਾਏ। ਕੁਲਵੰਤ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਵੇਰਕਾ ਨੇ ਇੱਕ ਤਰੀਕ ਤੋਂ ਦੁੱਧ ਦੇ ਰੇਟ ਵਿੱਚ 40 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ, ਪਰ ਨੈਸਲੇ ਨੇ ਤੁਰੰਤ ਇਹ ਵਾਧਾ ਲਾਗੂ ਨਹੀਂ ਕੀਤਾ। ਕਿਸਾਨਾਂ ਦੇ ਧਰਨੇ ਤੋਂ ਬਾਅਦ ਪ੍ਰਬੰਧਨ ਨੇ ਸਿਰਫ਼ 9 ਅਗਸਤ ਤੋਂ ਰੇਟ ਵਧਾਉਣ ਦਾ ਭਰੋਸਾ ਦਿੱਤਾ ਹੈ, ਜਿਸ ਨੂੰ ਕਿਸਾਨ ਅਜੇ ਪੱਕਾ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਇੱਕ ਤੋਂ ਨੌਂ ਅਗਸਤ ਤੱਕ ਦੇ ਨੌਂ ਦਿਨਾਂ ਦੌਰਾਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਇਸ ਲਈ ਇਸ ਸਮੇਂ ਦਾ ਬਣਦਾ ਬਕਾਇਆ ਹਰੇਕ ਕਿਸਾਨ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੰਪਨੀ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਜਲਦੀ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।