ਗੁਰਦਾਸਪੁਰ ਪੁਲਿਸ ਦਾ ਕਿਸਾਨਾਂ ਨਾਲ ਪਿਆ ਪੇਚਾ/ ਮਾਮਲੇ ’ਚ ਨਾਮਜ਼ਦ ਭਰਾ ਦੀ ਭੈਣ ਨੂੰ ਕੀਤਾ ਗ੍ਰਿਫਤਾਰ/ ਲੋਕ ਰੋਹ ਵੇਖ ਕੇ ਪੁਲਿਸ ਨੇ ਰਿਹਾਅ ਕੀਤੀ ਲੜਕੀ

0
2

 

ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਚੰਦਰਭਾਣ ਵਿਖੇ ਹਾਲਾਤ ਉਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਸਥਾਨਕ ਪੁਲਿਸ ਨੇ ਕਤਲ ਮਾਮਲੇ ਵਿਚ ਨਾਮਜ਼ਦ ਭਰਾ ਦੀ ਭੈਣ ਨੂੰ ਹਿਰਾਸਤ ਵਿਚ ਲੈ ਲਿਆ। ਪਿੰਡ ਦੇ ਲੋਕਾਂ ਨੇ ਇਸ ਕਾਰਵਾਈ ਦਾ ਸਖਤ ਵਿਰੋਧ ਕੀਤਾ। ਲੋਕਾਂ ਦੇ ਹੱਕ ਵਿਚ ਨਿਤਰੀਆਂ ਕਿਸਾਨ ਜਥੇਬੰਦੀਆਂ ਨੇ ਰੋਡ ਜਾਮ ਕਰ ਕੇ ਪ੍ਰਦਰਸਨ ਕੀਤਾ। ਇਸ ਤੋਂ ਬਾਅਦ ਲੋਕ ਰੋਹ ਨੂੰ ਵੇਖਦਿਆਂ ਪੁਲਿਸ ਪ੍ਰਸ਼ਾਸਨ ਨੇ ਲੜਕੀ ਨੂੰ ਰਿਹਾਅ ਕਰ ਦਿੱਤਾ। ਕਿਸਾਨ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਲਈ ਸਖਤ ਨਿੰਦਾ ਕੀਤੀ ਹੈ।
ਦੱਸਣਾ ਬਣਦਾ ਹੈ ਕਿ ਲੰਘੀ 5 ਜੁਲਾਈ ਨੂੰ ਪਿੰਡ ਭੂੰਡੋਵਾਲ ਦੇ ਰੋਹਿਤ ਸਿੰਘ ਦੇ ਹੋਏ ਕਤਲ ਦੇ ਮਾਮਲੇ ’ਚ ਦਰਜ ਐਫ,ਆਈ,ਆਰ ਅੱਧੀ ਦਰਜਨ ਮੁਲਜਮਾਂ ਵਿੱਚ ਪਿੰਡ ਚੰਦਰਭਾਨ ਦੇ ਸਾਬਕਾ ਫੌਜੀ ਮਲਕੀਤ ਸਿੰਘ ਉਰਫ ਲਾਲੀ ਦੇ ਪੁੱਤਰ ਗੁਰਸੇਵਕ ਸਿੰਘ ਦਾ ਨਾਂਅ ਵੀ ਸ਼ਾਮਿਲ ਹੈ ਪਰ ਗੁਰਸੇਵਕ ਸਿੰਘ ਉਸ ਸਮੇਂ ਤੋਂ ਫਰਾਰ ਚੱਲਦਾ ਆ ਰਿਹਾ ਹੈ। ਜਿਸ ਨੂੰ ਲੈ ਕੇ ਅੱਜ ਪੁਰਾਣਾ ਸ਼ਾਲਾ ਥਾਣਾ ਮੁੱਖੀ ਕੁਲਵਿੰਦਰ ਸਿੰਘ ਵਲੋਂ ਮਹਿਲਾ ਡੀਐਸਪੀ ਸੀਮਾ ਕੁਮਾਰੀ ਸਮੇਤ ਪਿੰਡ ਚੰਦਰਭਾਣ ਉਕਤ ਦੋਸ਼ੀ ਦੇ ਘਰ ਅਚਾਨਕ ਛਾਪੇਮਾਰੀ ਕੀਤੀ ਅਤੇ ਸਾਬਕਾ ਫੌਜੀ ਦੀ ਕੁਆਰੀ ਧੀ ਨੂੰ ਜਬਰੀ ਚੁੱਕ ਕੇ ਲੈ ਗਏ।
ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਦਾ ਵਿਰੋਧ ਵੀ ਕੀਤਾ ਗਿਆ ਕਿਓਂਕਿ ਇਸ ਮਾਮਲੇ ਨਾਲ ਉਹਨਾਂ ਦੀ ਬੱਚੀ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ ਪਰ ਪੁਲਿਸ ਨੇ ਉਨਾਂ ਦੀ ਇੱਕ ਵੀ ਨਾ ਸੁਣੀ। ਜਿਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਸਹਿਯੋਗ ਨਾਲ ਪੁਰਾਣਾ ਸ਼ਾਲਾ ਚੌਂਕ ਅੰਦਰ ਖਾਣਾ ਮੁਖੀ ਅਤੇ ਉਕਤ ਡੀਐਸਪੀ ਅਧਿਕਾਰੀ ਦੀਆਂ ਸਰਕਾਰੀ ਗੱਡੀਆਂ ਦੀ ਜਥੇਬੰਦੀ ਵੱਲੋਂ ਘੇਰਾਬੰਦੀ ਕਰ ਲਈ ਗਈ। ਪੁਲਿਸ ਵੱਲੋਂ ਭੜਕਿਆ ਹੋਇਆ ਲੋਕ ਰੋਹ ਵੇਖਦਿਆਂ ਗ੍ਰਿਫਤਾਰ ਕੀਤੀ ਲੜਕੀ ਨੂੰ ਧਰਨਾਕਾਰੀਆਂ ਦੀ ਹਾਜਰੀ ਚ ਹੀ ਮੌਕੇ ਤੇ ਛੱਡਣਾ ਪਿਆ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਸਾਬਕਾ ਫੌਜੀ ਦੇ ਪੁੱਤਰ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਨੂੰ ਪੁਲਿਸ ਜਦੋਂ ਮਰਜ਼ੀ ਗ੍ਰਿਫਤਾਰ ਕਰ ਸਕਦੀ ਹੈ, ਉਹਨਾਂ ਨੂੰ ਇਸ ਦਾ ਕੋਈ ਇਤਰਾਜ਼ ਨਹੀਂ। ਪਰ ਇਸ ਤਰ੍ਹਾਂ ਕਾਨੂੰਨ ਨੂੰ ਛਿੱਕੇ ਟੰਗ ਕੇ ਪੁਲਿਸ ਨੂੰ ਕੋਈ ਵੀ ਅਧਿਕਾਰ ਨਹੀਂ ਕਿ ਉਹ ਕਿਸੇ ਦੀ ਧੀ ਭੈਣ ਨੂੰ ਬਿਨਾਂ ਵਜ੍ਹਾ ਚੁੱਕ ਕੇ ਪ੍ਰੇਸ਼ਾਨ ਕਰੇ। ਆਗੂਆਂ ਦਾ ਕਹਿਣਾ ਹੈ ਕਿ ਅਫਸੋਸ ਦੀ ਗੱਲ ਹੈ ਕਿ ਇਸ ਇਲਾਕੇ ਦੇ ਜਮਪਲ ਹੋਣ ਦੇ ਬਾਵਜੂਦ ਵੀ ਥਾਣਾ ਮੁਖੀ ਪੁਰਾਣਾ ਸ਼ਾਲਾ ਕੁਲਵਿੰਦਰ ਸਿੰਘ ਵੱਲੋਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਚ ਥਾਣਾ ਮੁਖੀ ਕੁਲਵਿੰਦਰ ਸਿੰਘ ਅਤੇ ਮਹਿਲਾ ਡੀਐਸਪੀ ਸੀਮਾ ਕੁਮਾਰੀ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ। ਪੀੜਤ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਦੀ ਇਸ ਘਟੀਆ ਕਾਰਵਾਈ ਦੀਆਂ ਸਬੂਤ ਵਜੋਂ ਉਹਨਾਂ ਦੇ ਕੋਲ ਵੀਡੀਓ ਤੱਕ ਵੀ ਮੌਜੂਦ ਹਨ ਜਿਸ ਨੂੰ ਆਧਾਰ ਬਣਾ ਕੇ ਉਹ ਉਕਤ ਪੁਲਿਸ ਅਧਿਕਾਰੀਆਂ ਨੂੰ ਹਾਈਕੋਰਟ ਤੱਕ ਵੀ ਘਸੀਟਣਗੇ।

LEAVE A REPLY

Please enter your comment!
Please enter your name here