ਸਿਮਰਨਜੀਤ ਸਿੰਘ ਮਾਨ ਤੇ ਛੋਟੇਪੁਰ ਵਿਚਾਲੇ ਮੀਟਿੰਗ/ ਪੰਥਕ ਏਕਤਾ ਤੇ ਪੰਜਾਬ ਦੇ ਮੁੱਦਿਆਂ ਤੇ ਵਿਚਾਰ-ਚਰਚਾ/ ਪੰਥਕ ਏਕਤਾ ਲਈ ਦੋਵੇਂ ਆਗੂਆਂ ਨੇ ਪ੍ਰਗਟਾਈ ਸਹਿਮਤੀ

0
4

ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਨਾਲ ਮੁਲਾਕਾਤ ਕੀਤੀ। ਸ. ਮਾਨ ਦੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਥਿਤ ਘਰ ਵਿਖੇ ਹੋਈ ਮੀਟਿੰਗ ਦੌਰਾਨ ਦੋਵੇਂ ਆਗੂਆਂ ਵਿਚਾਲੇ ਪੰਥਕ ਏਕਤਾ ਅਤੇ ਪੰਜਾਬ ਦੇ ਮੁੱਦਿਆਂ ਬਾਰੇ ਵਿਚਾਰ ਚਰਚਾ ਹੋਈ।  ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਸੁੱਚਾ ਸਿੰਘ ਛੋਟੇਪੁਰ ਦੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਣ ‘ਤੇ ਬਹੁਤ ਖ਼ੁਸ਼ ਹਨ। ਮਾਨ ਨੇ ਸਪੱਸ਼ਟ ਕੀਤਾ ਕਿ ਅੱਜ-ਕੱਲ੍ਹ ਪੰਜਾਬ ਅਤੇ ਪੰਥ ਵਿੱਚ ਜੋ ਏਕਤਾ ਦੀ ਆਵਾਜ਼ ਉੱਠ ਰਹੀ ਹੈ, ਉਸੇ ਦੇ ਸਿੱਟੇ ਵਜੋਂ ਸੁੱਚਾ ਸਿੰਘ ਛੋਟੇਪੁਰ ਅੱਜ ਇੱਥੇ ਪਹੁੰਚੇ ਹਨ। ਦੂਜੇ ਪਾਸੇ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੇ ਵੀ ਸਿਮਰਨਜੀਤ ਸਿੰਘ ਮਾਨ ਨਾਲ ਹੋਈ ਮੁਲਾਕਾਤ ‘ਤੇ ਖ਼ੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੌਮ ਦੇ ਮੌਜੂਦਾ ਹਾਲਾਤਾਂ ਦੇ ਚਲਦਾਂ ਸਾਰਿਆਂ ਨੂੰ ਇਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ।

ਉਨ੍ਹਾਂ ਸਿਮਰਨਜੀਤ ਸਿੰਘ ਮਾਨ ਦੇ ਲੰਮੇ ਸੰਘਰਸ਼ ਅਤੇ ਦਿੱਤੀਆਂ ਗਈਆਂ ਕੁਰਬਾਨੀਆਂ ਦੀ ਸ਼ਲਾਘਾ ਕੀਤੀ। ਛੋਟੇਪੁਰ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਏਕਤਾ ਹੈ। ਹਰ ਸਿੱਖ, ਮਾਈ-ਭਾਈ ਅਤੇ ਗੁਰੂ ਨਾਨਕ ਨਾਮ ਲੇਵਾ ਦੀ ਇਹੋ ਖ਼ਵਾਹਿਸ਼ ਹੈ ਕਿ ਪੰਜਾਬ ਅਤੇ ਕੌਮ ਦੀ ਮੌਜੂਦਾ ਬਿਖੜੀ ਹਾਲਤ ਨੂੰ ਸੁਧਾਰਨ ਲਈ ਸਾਰਿਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੌਮ ਅਤੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਦਰਦ ਸਿਮਰਨਜੀਤ ਸਿੰਘ ਮਾਨ ਦੇ ਮਨ ਵਿੱਚ ਵੀ ਹੈ ਅਤੇ ਸਾਡੇ ਮਨ ਵਿੱਚ ਵੀ। ਕੌਮ ਅਤੇ ਪੰਜਾਬ ਦਾ ਭਲਾ ਕਿਵੇਂ ਹੋ ਸਕਦਾ ਹੈ, ਇਸੇ ਮਕਸਦ ਲਈ ਅੱਜ ਪੰਥਕ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।

ਛੋਟੇਪੁਰ ਨੇ ਇਹ ਵੀ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਪੰਜਾਬ ਅਤੇ ਪੰਥ ਦੇ ਭਲੇ ਲਈ ਸਿਮਰਨਜੀਤ ਸਿੰਘ ਮਾਨ ਨਾਲ ਇਹ ਵਿਚਾਰ-ਚਰਚਾ ਦਾ ਸਿਲਸਿਲਾ ਜਾਰੀ ਰੱਖਣਗੇ। ਦੋਵਾਂ ਦਿੱਗਜ ਆਗੂਆਂ ਦਰਮਿਆਨ ਹੋਈ ਇਹ ਮੁਲਾਕਾਤ ਮੌਜੂਦਾ ਰਾਜਨੀਤਿਕ ਅਤੇ ਪੰਥਕ ਸਥਿਤੀ ਦੇ ਮੱਦੇਨਜ਼ਰ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਮੁਲਾਕਾਤ ਤੋਂ ਬਾਅਦ ਦੋਵੇਂ ਆਗੂ ਕਾਫੀ ਖੁਸ਼ ਨਜਰ ਆਏ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਪੰਥਕ ਏਕਤਾ ਤੇ ਪੰਜਾਬ ਦੇ ਭਲੇ ਲਈ ਇਕਜੁਟ ਹੋ ਕੇ ਅੱਗੇ ਵਧਣ ਦੀ ਉਮੀਦ ਜਾਹਰ ਕੀਤੀ।

LEAVE A REPLY

Please enter your comment!
Please enter your name here