ਪੰਜਾਬ ਅੰਮ੍ਰਿਤਸਰ ‘ਚ ਸ਼ਰਮਸਾਰ ਹੋਏ ਖੂਨ ਦੇ ਰਿਸ਼ਤੇ/ ਭਰਾ ਵੱਲੋਂ ਭੈਣ ’ਤੇ ਰਾਡ ਨਾਲ ਜਾਨਲੇਵਾ ਹਮਲਾ/ ਕੋਲ ਖੜ੍ਹਾ ਰਿਹਾ ਪਿਤਾ, ਸੀਸੀਟੀਵੀ ਤਸਵੀਰਾਂ ਵਾਇਰਲ By admin - August 5, 2026 0 3 Facebook Twitter Pinterest WhatsApp ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਤੋਂ ਇਕ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਭਰਾ ਨੇ ਆਪਣੀ ਹੀ ਸਕੀ ਭੈਣ ‘ਤੇ ਲੋਹੇ ਦੀ ਰਾਡ ਨਾਲ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਭੈਣ ਦਰਦ ਨਾਲ ਚੀਕਾਂ ਮਾਰਦੀ ਨਜ਼ਰ ਆ ਰਹੀ ਹੈ, ਜਦਕਿ ਮੁਲਜ਼ਮ ਲਗਾਤਾਰ ਬੇਰਹਿਮੀ ਨਾਲ ਵਾਰ ਕਰਦਾ ਰਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਪਿਤਾ ਦੀ ਮੌਜੂਦਗੀ ਵਿੱਚ ਹੋਇਆ, ਪਰ ਉਸ ਨੇ ਹਮਲਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਹਮਲੇ ਵਿੱਚ ਕੁੜੀ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸ ਦੀ ਇੱਕ ਲੱਤ ਦੀ ਹੱਡੀ ਬੁਰੀ ਤਰ੍ਹਾਂ ਟੁੱਟ ਗਈ ਹੈ। ਹਮਲੇ ਦੀ ਵਜ੍ਹਾ ਜਾਇਦਾਦੀ ਵਿਵਾਦ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਾਹਮਣੇ ਆਈਆਂ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਇੱਕ ਨੌਜਵਾਨ ਕੁੜੀ ਆਪਣੇ ਘਰ ਤੋਂ ਬਾਹਰ ਨਿਕਲਦੀ ਹੈ। ਜਿਵੇਂ ਹੀ ਉਹ ਘਰ ਦੇ ਬਾਹਰ ਆਉਂਦੀ ਹੈ, ਉਸੇ ਵੇਲੇ ਇੱਕ ਕਾਰ ਉੱਥੇ ਆ ਕੇ ਰੁਕਦੀ ਹੈ। ਕਾਰ ਵਿੱਚੋਂ ਕੁੜੀ ਦਾ ਭਰਾ ਅਤੇ ਪਿਤਾ ਬਾਹਰ ਨਿਕਲਦੇ ਹਨ। ਇਸ ਤੋਂ ਤੁਰੰਤ ਬਾਅਦ ਭਰਾ ਹੱਥ ਵਿੱਚ ਲੋਹੇ ਦੀ ਰਾਡ ਫੜ ਕੇ ਆਪਣੀ ਸਕੀ ਭੈਣ ‘ਤੇ ਤਾਬੜਤੋੜ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ। ਫੁਟੇਜ ਵਿੱਚ ਦਿਖਾਈ ਦਿੰਦਾ ਹੈ ਕਿ ਭਰਾ ਲਗਾਤਾਰ ਲੋਹੇ ਦੀ ਰਾਡ ਨਾਲ ਕੁੜੀ ‘ਤੇ ਵਾਰ ਕਰਦਾ ਰਹਿੰਦਾ ਹੈ, ਜਦਕਿ ਉਹ ਦਰਦ ਨਾਲ ਚੀਕਾਂ ਮਾਰਦੀ ਹੋਈ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਦੌਰਾਨ ਪਿਤਾ ਵੀ ਮੌਕੇ ‘ਤੇ ਮੌਜੂਦ ਰਹਿੰਦਾ ਹੈ, ਪਰ ਹਮਲਾ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ। ਕੁਝ ਸਮੇਂ ਬਾਅਦ ਕੁੜੀ ਦੇ ਦੂਜੇ ਭਰਾ ਦੀ ਪਤਨੀ ਘਰ ਤੋਂ ਬਾਹਰ ਆਉਂਦੀ ਹੈ। ਉਸ ਨੂੰ ਦੇਖਦੇ ਹੀ ਮੁਲਜ਼ਮ ਭਰਾ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਛੋਟੀ ਭੈਣ ਨਵਦੀਪ ਕੌਰ ‘ਤੇ ਉਸ ਦੇ ਸਕੇ ਛੋਟੇ ਭਰਾ ਅਤੇ ਪਿਤਾ ਨੇ ਕਥਿਤ ਤੌਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ ਅਤੇ ਦੋ ਥਾਵਾਂ ਤੋਂ ਫ੍ਰੈਕਚਰ ਹੋ ਗਿਆ। ਮਨਦੀਪ ਸਿੰਘ ਦੇ ਮੁਤਾਬਕ, ਉਨ੍ਹਾਂ ਦੀ ਭੈਣ ਮੁੰਬਈ ਤੋਂ ਉਨ੍ਹਾਂ ਨੂੰ ਮਿਲਣ ਲਈ ਆਈ ਸੀ। ਦੋਸ਼ ਹੈ ਕਿ ਛੋਟੇ ਭਰਾ ਨੂੰ ਇਸ ਗੱਲ ਦੀ ਰੰਜਿਸ਼ ਸੀ ਕਿ ਉਹ ਉਨ੍ਹਾਂ ਦੇ ਘਰ ਕਿਉਂ ਆਈ। ਜਦੋਂ ਉਹ ਉਨ੍ਹਾਂ ਦੇ ਘਰ ਤੋਂ ਆਪਣੇ ਸਹੁਰੇ ਘਰ ਜਾਣ ਲਈ ਨਿਕਲੀ ਤਾਂ ਰਸਤੇ ਵਿੱਚ ਉਸ ‘ਤੇ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਹਮਲਾ ਅੰਮ੍ਰਿਤਸਰ ਦੇ ਨਿਊ ਮਾਡਲ ਟਾਊਨ, ਖੰਡਵਾਲਾ, ਛੇਹਰਟਾ ਇਲਾਕੇ ਵਿੱਚ ਹੋਇਆ। ਹਮਲੇ ਵਿੱਚ ਉਸ ਦੇ ਹੱਥਾਂ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਇੱਕ ਲੱਤ ਬੁਰੀ ਤਰ੍ਹਾਂ ਟੁੱਟ ਗਈ। ਫਿਲਹਾਲ ਉਸ ਦਾ ਆਪਰੇਸ਼ਨ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਨਦੀਪ ਸਿੰਘ ਨੇ ਦੋਸ਼ ਲਗਾਇਆ ਕਿ ਇਸ ਵਿਵਾਦ ਦੀ ਮੁੱਖ ਵਜ੍ਹਾ ਪਰਿਵਾਰਕ ਜਾਇਦਾਦ ਹੈ। ਉਨ੍ਹਾਂ ਦੇ ਅਨੁਸਾਰ ਛੋਟਾ ਭਰਾ ਸਾਰੀ ਜਾਇਦਾਦ ਆਪਣੇ ਨਾਮ ਕਰਵਾਉਣਾ ਚਾਹੁੰਦਾ ਹੈ ਅਤੇ ਇਸੇ ਕਾਰਨ ਪਹਿਲਾਂ ਵੀ ਕਈ ਵਾਰ ਉਨ੍ਹਾਂ ਨਾਲ ਕੁੱਟਮਾਰ ਕਰ ਚੁੱਕਾ ਹੈ ਅਤੇ ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕਰ ਚੁੱਕਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਛੋਟਾ ਭਰਾ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਪਿਤਾ ਨੂੰ ਨਾਲ ਲੈ ਕੇ ਭੈਣ ਅਤੇ ਹੋਰ ਰਿਸ਼ਤੇਦਾਰਾਂ ਦੇ ਘਰ ਜਾ ਕੇ ਗਾਲੀ-ਗਲੌਚ ਅਤੇ ਝਗੜਾ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ 20 ਦਿਨਾਂ ਤੋਂ ਇਹ ਸਿਲਸਿਲਾ ਲਗਾਤਾਰ ਜਾਰੀ ਸੀ। ਮਨਦੀਪ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੀੜਤਾ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਥੇ ਹੀ ਥਾਣਾ ਛੇਹਰਟਾ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।