ਪੰਜਾਬ ਅਕਾਲ ਤਖਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਅਰਦਾਸ/ ਪਾਵਨ ਸਰੂਪਾਂ ਦੀ ਬੇਅਦਬੀ ‘ਤੇ ਜਤਾਇਆ ਰੋਸ/ ਸ਼੍ਰੋਮਣੀ ਕਮੇਟੀ ਦੀ ਲਾਪਰਵਾਹੀ ‘ਤੇ ਚੁੱਕੇ ਸਵਾਲ By admin - August 3, 2026 0 3 Facebook Twitter Pinterest WhatsApp ਸਿੱਖ ਜਥੇਬੰਦੀਆਂ ਦਾ ਇਕ ਜਥਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ। ਭਾਈ ਪਰਮਜੀਤ ਸਿੰਘ ਅਕਾਲੀ, ਗਿਆਨੀ ਤੇਜਬੀਰ ਸਿੰਘ ਅਤੇ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਸਮੇਤ ਪਹੁੰਚੀਆਂ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕਠੇ ਹੋ ਕੇ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਕੈਨੇਡਾ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਹੋਏ ਘੋਰ ਅਨਾਦਰ ‘ਤੇ ਗਹਿਰੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬਾਨ ਅਤੇ ਸਿੱਖਾਂ ਨੇ ਗੁਰਬਾਣੀ ਅਤੇ ਸਰੂਪਾਂ ਦਾ ਹਮੇਸ਼ਾ ਅਥਾਹ ਸਤਿਕਾਰ ਕੀਤਾ ਹੈ, ਪਰ ਅੱਜ ਸ਼੍ਰੋਮਣੀ ਕਮੇਟੀ ਖੁਦ ਆਪਣੇ ਹੱਥੀਂ ਬੇਅਦਬੀ ਕਰਵਾ ਰਹੀ ਹੈ। ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਪਰਵਾਹੀ ਕਾਰਨ ਪਾਵਨ ਸਰੂਪਾਂ ਨੂੰ ਇੱਕ ਖਸਤਾ ਹਾਲਤ ਬੱਸ ਦੇ ਕੰਟੇਨਰ ਵਿਚ ਰੱਖ ਕੇ ਸਮੁੰਦਰ ਦੇ ਰਸਤੇ ਹਜ਼ਾਰਾਂ ਮੀਲ ਦੂਰ ਕੈਨੇਡਾ ਭੇਜਿਆ ਗਿਆ, ਜਿੱਥੇ ਨਾਲ ਇੱਕ ਵੀ ਸਿੰਘ ਨਹੀਂ ਭੇਜਿਆ ਗਿਆ। ਉਨ੍ਹਾਂ ਸਵਾਲ ਚੁੱਕਿਆ ਕਿ ਵੱਡੇ-ਵੱਡੇ ਸਾਧ ਆਪਣੇ ਪ੍ਰਾਈਵੇਟ ਜੈੱਟ ਰੱਖ ਸਕਦੇ ਹਨ, ਪਰ ਸ਼੍ਰੋਮਣੀ ਕਮੇਟੀ ਵਰਗੀ ਸਮਰੱਥ ਸੰਸਥਾ ਗੁਰੂ ਸਾਹਿਬ ਦੇ ਸਰੂਪਾਂ ਨੂੰ ਇਸ ਤਰ੍ਹਾਂ ਕੰਟੇਨਰਾਂ ਵਿੱਚ ਭੇਜ ਕੇ ਅਨਾਦਰ ਕਰ ਰਹੀ ਹੈ। ਅਰਦਾਸ ਤੋਂ ਬਾਅਦ ਜਥੇ ਨੇ ਮੰਗ ਕੀਤੀ ਕਿ ਜਿਨ੍ਹਾਂ ਅਧਿਕਾਰੀਆਂ ਜਾਂ ਜ਼ਿੰਮੇਵਾਰ ਵਿਅਕਤੀਆਂ ਨੇ ਸਰੂਪਾਂ ਨੂੰ ਇਸ ਤਰੀਕੇ ਨਾਲ ਭੇਜਣ ਦੀ ਇਜਾਜ਼ਤ ਦਿੱਤੀ ਹੈ, ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਟਿਹਰੇ ਵਿੱਚ ਖੜ੍ਹਾ ਕਰਕੇ ਸਖ਼ਤ ਧਾਰਮਿਕ ਅਤੇ ਕਾਨੂੰਨੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਪੰਥ ਨੂੰ ਸਮੱਤ ਬਖਸ਼ਣ ਅਤੇ ਗੁਰਦੁਆਰਾ ਪ੍ਰਬੰਧ ਨੂੰ ਦਰੁਸਤ ਕਰਨ ਦਾ ਬਲ ਦੇਣ ਤਾਂ ਜੋ ਅੱਗੇ ਤੋਂ ਗੁਰੂ ਸਾਹਿਬ ਦੇ ਸਰੂਪਾਂ ਦਾ ਪੂਰੇ ਮਾਨ-ਸਤਿਕਾਰ ਨਾਲ ਹੀ ਪ੍ਰਕਾਸ਼ ਅਤੇ ਪ੍ਰਬੰਧ ਕੀਤਾ ਜਾ ਸਕੇ।