ਪੰਜਾਬ ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ/ ਕਾਮਨਵੈਲਥ ਗੇਮਜ਼ ’ਚ ਜਿੱਤਿਆ ਚਾਂਦੀ ਦਾ ਤਗਮਾ/ ਪਿੰਡ ਤੇ ਪਰਿਵਾਰ ਅੰਦਰ ਜਸ਼ਨ ਦਾ ਮਾਹੌਲ By admin - July 31, 2026 0 2 Facebook Twitter Pinterest WhatsApp ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬੱਲ ਸਚੰਦਰ ਨਾਲ ਸਬੰਧਤ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਕਾਮਨਵੈਲਥ ਗੈਮਜ਼ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਜ਼ਿਲ੍ਹਾ ਦਾ ਨਾਮ ਰੋਸ਼ਨ ਕੀਤਾ ਹੈ। ਲਵਪ੍ਰੀਤ ਸਿੰਘ ਨੇ ਕਾਮਨਵੈਲਥ ਗੇਮਜ਼ 2026 ਵਿੱਚ ਪੁਰਸ਼ਾਂ ਦੀ +110 ਕਿਲੋਗ੍ਰਾਮ ਵੇਟਲਿਫਟਿੰਗ ਸਪਰਧਾ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਲਵਪ੍ਰੀਤ ਸਿੰਘ ਦੀ ਇਤਿਹਾਸਕ ਉਪਲਬਧੀ ਨਾਲ ਉਨ੍ਹਾਂ ਦੇ ਪਰਿਵਾਰ ਦੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜਿਵੇਂ ਹੀ ਲਵਪ੍ਰੀਤ ਵੱਲੋਂ ਸਿਲਵਰ ਮੈਡਲ ਜਿੱਤਣ ਦੀ ਖ਼ਬਰ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਭੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ। ਪਿੰਡ ਦੇ ਸਰਪੰਚ ਜੁਗਰਾਜ ਸਿੰਘ ਨੇ ਕਿਹਾ ਕਿ ਲਵਪ੍ਰੀਤ ਸਿੰਘ ਨੇ ਨਾ ਸਿਰਫ ਆਪਣੇ ਪਰਿਵਾਰ ਅਤੇ ਪਿੰਡ ਦਾ, ਸਗੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰੀਬ 10 ਤੋਂ 12 ਸਾਲਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਅੱਜ ਲਵਪ੍ਰੀਤ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ। ਇਹ ਪਿੰਡ ਦੇ ਹਰ ਨੌਜਵਾਨ ਲਈ ਪ੍ਰੇਰਣਾ ਹੈ ਕਿ ਇੱਕ ਸਧਾਰਨ ਪਰਿਵਾਰ ਦਾ ਬੱਚਾ ਵੀ ਸਖ਼ਤ ਮਿਹਨਤ ਅਤੇ ਲਗਨ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਮ ਚਮਕਾ ਸਕਦਾ ਹੈ। ਸਰਪੰਚ ਨੇ ਕਿਹਾ ਕਿ ਪੰਚਾਇਤ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪਿੰਡ ਵਿੱਚ ਨੌਜਵਾਨਾਂ ਲਈ ਜਿਮ ਦੀ ਸਹੂਲਤ ਦਿੱਤੀ ਗਈ ਹੈ, ਜਿੱਥੇ ਆਰਥਿਕ ਤੌਰ ‘ਤੇ ਕਮਜ਼ੋਰ ਬੱਚੇ ਵੀ ਮੁਫ਼ਤ ਅਭਿਆਸ ਕਰ ਸਕਦੇ ਹਨ। ਇਸ ਤੋਂ ਇਲਾਵਾ ਵਾਲੀਬਾਲ, ਕ੍ਰਿਕਟ ਸਮੇਤ ਹੋਰ ਖੇਡਾਂ ਦਾ ਸਾਮਾਨ ਵੀ ਉਪਲਬਧ ਕਰਵਾਇਆ ਜਾਂਦਾ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲਵਪ੍ਰੀਤ ਹੁਣ ਪਿੰਡ ਦੇ ਨੌਜਵਾਨਾਂ ਲਈ ਇੱਕ ਰੋਲ ਮਾਡਲ ਬਣ ਚੁੱਕੇ ਹਨ ਅਤੇ ਪਿੰਡ ਵਾਪਸੀ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਲਵਪ੍ਰੀਤ ਸਿੰਘ ਦੇ ਕੋਚ ਹੀਰਾ ਸਿੰਘ ਨੇ ਦੱਸਿਆ ਕਿ ਸਾਲ 2022 ਦੀਆਂ ਕਾਮਨਵੈਲਥ ਗੇਮਜ਼ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਇਸ ਵਾਰ ਉਨ੍ਹਾਂ ਨੇ ਚਾਂਦੀ ਦਾ ਤਗਮਾ ਹਾਸਲ ਕਰਕੇ ਆਪਣੀ ਮਿਹਨਤ ਦਾ ਹੋਰ ਉੱਚਾ ਪੱਧਰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਲਵਪ੍ਰੀਤ ਬਚਪਨ ਤੋਂ ਹੀ ਬਹੁਤ ਮਿਹਨਤੀ ਅਤੇ ਅਨੁਸ਼ਾਸਿਤ ਖਿਡਾਰੀ ਰਹੇ ਹਨ। ਜੇਕਰ ਉਨ੍ਹਾਂ ਨੂੰ ਹੋਰ ਵਧੀਆ ਸਹੂਲਤਾਂ ਅਤੇ ਆਧੁਨਿਕ ਸਿਖਲਾਈ ਕੇਂਦਰ ਮਿਲਣ ਤਾਂ ਉਹ ਭਵਿੱਖ ਵਿੱਚ ਓਲੰਪਿਕ ਵਿੱਚ ਵੀ ਭਾਰਤ ਲਈ ਤਗਮਾ ਜਿੱਤ ਸਕਦੇ ਹਨ। ਉਨ੍ਹਾਂ ਡੀਏਵੀ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਖਿਡਾਰੀਆਂ ਨੂੰ ਮੰਚ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ। ਲਵਪ੍ਰੀਤ ਸਿੰਘ ਦੇ ਪਿਤਾ ਕਿਰਪਾਲ ਸਿੰਘ, ਜੋ ਕਿ ਪੇਸ਼ੇ ਤੋਂ ਦਰਜ਼ੀ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਬਚਪਨ ਤੋਂ ਹੀ ਵੇਟਲਿਫਟਿੰਗ ਵਿੱਚ ਦਿਲਚਸਪੀ ਦਿਖਾਈ ਸੀ। ਪਿੰਡ ਦੇ ਅੰਤਰਰਾਸ਼ਟਰੀ ਖਿਡਾਰੀਆਂ ਤੋਂ ਪ੍ਰੇਰਿਤ ਹੋ ਕੇ ਉਸ ਨੇ ਇਸ ਖੇਡ ਨੂੰ ਅਪਣਾਇਆ ਅਤੇ ਲਗਾਤਾਰ ਮਿਹਨਤ ਕਰਦਾ ਰਿਹਾ। ਉਨ੍ਹਾਂ ਕਿਹਾ ਕਿ ਮੁਕਾਬਲੇ ਲਈ ਰਵਾਨਾ ਹੋਣ ਤੋਂ ਪਹਿਲਾਂ ਲਵਪ੍ਰੀਤ ਨੇ ਵਾਅਦਾ ਕੀਤਾ ਸੀ ਕਿ ਇਸ ਵਾਰ ਉਹ ਤਗਮਾ ਜਿੱਤ ਕੇ ਹੀ ਵਾਪਸ ਆਵੇਗਾ ਅਤੇ ਉਸ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ। ਉੱਥੇ ਹੀ ਲਵਪ੍ਰੀਤ ਦੀ ਮਾਤਾ ਸੁਖਵਿੰਦਰ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਹ ਸਭ ਕੁਝ ਵਾਹਿਗੁਰੂ ਦੀ ਕਿਰਪਾ ਅਤੇ ਪੁੱਤਰ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਡਿਊਟੀ ਤੋਂ ਵਾਪਸ ਆਉਣ ਤੋਂ ਬਾਅਦ ਵੀ ਘਰ ਦੇ ਕੰਮਾਂ ਵਿੱਚ ਆਪਣੇ ਪਿਤਾ ਦਾ ਹੱਥ ਵਟਾਉਂਦਾ ਸੀ ਅਤੇ ਖਾਲੀ ਸਮੇਂ ਵਿੱਚ ਪੂਰੀ ਲਗਨ ਨਾਲ ਅਭਿਆਸ ਕਰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤਰ ਨੇ ਪੂਰੇ ਪਰਿਵਾਰ, ਪਿੰਡ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ ਬੇਹੱਦ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਹੁਣ ਪੂਰੇ ਪਿੰਡ ਨੂੰ ਉਮੀਦ ਹੈ ਕਿ ਲਵਪ੍ਰੀਤ ਭਵਿੱਖ ਵਿੱਚ ਓਲੰਪਿਕ ਵਰਗੇ ਵੱਡੇ ਮੰਚ ‘ਤੇ ਵੀ ਭਾਰਤ ਲਈ ਸੋਨੇ ਵਰਗਾ ਇਤਿਹਾਸ ਰਚੇਗਾ।