ਬਰਨਾਲਾ ’ਚ ਸਰਕਾਰ ’ਤੇ ਵਰ੍ਹੇ ਕੇਵਲ ਢਿੱਲੋਂ/ ਸਫਾਈ ਕਰਮਚਾਰੀਆਂ ਤੇ ਤਸ਼ੱਦਦ ਦੀ ਸਖਤ ਨਿੰਦਾ/ ਹਸਪਤਾਲ ਪਹੁੰਚ ਜ਼ਖਮੀਆਂ ਦਾ ਜਾਣਿਆ ਹਾਲ

0
2

 

ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਅੱਜ ਬਰਨਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਰਟੀ ਵੱਲੋਂ ਬਣਾਏ ਗਏ ਨਵੇਂ ਦਫਤਰ ਦਾ ਉਦਘਾਟਨ ਕੀਤਾ। ਇਸੇ ਤੋਂ ਪਹਿਲਾਂ ਉਨ੍ਹਾਂ ਨੇ ਇਕ ਨਿੱਜੀ ਪੈਲੇਸ ਵਿਖੇ ਪਾਰਟੀ ਵੱਲੋਂ ਕੀਤੀ ਰੈਲੀ ਵਿਚ ਵੀ ਸ਼ਿਰਕਤ ਕੀਤੀ। ਇਸ ਦੌਰਾਨ ਸਿਵਲ ਹਸਪਤਾਲ ਵਿਖੇ ਵੀ ਗਏ ਜਿੱਥੇ ਲਾਠੀਚਾਰਜ ਦੇ ਪੀੜਤਾਂ ਦਾ ਹਾਲ ਜਾਣਿਆ। ਸਫਾਈ ਸੇਵਕਾਂ ’ਤੇ ਪੁਲਿਸ ਲਾਠੀਚਾਰਜ ਦੀ ਸਖਤ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਅਕਸਰ ਲੋਕਾਂ ਦੇ ਸੰਵਿਧਾਨਕ ਹੱਕਾਂ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੀ ਪੁਲਿਸ ਨੇ ਹੱਕ ਮੰਗਦੇ ਲੋਕਾਂ ਤੇ ਜਿਸ ਤਰ੍ਹਾਂ ਤਸ਼ੱਦਦ ਕੀਤਾ, ਉਸ ਨੇ ਸੰਵਿਧਾਨ ਨੂੰ ਸਰਮਸਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੰਗਾਂ ਮੰਗ ਰਹੀਆਂ ਗਰੀਬ ਮਾਵਾਂ-ਭੈਣਾਂ ਅਤੇ ਸਫ਼ਾਈ ਕਰਮਚਾਰੀਆਂ ’ਤੇ ਪੁਲਿਸ ਨੇ ਅੰਨ੍ਹੇਵਾਹ ਡਾਂਗਾਂ ਵਰ੍ਹਾਈਆਂ ਹਨ, ਜਿਸ ਕਾਰਨ ਕਈ ਕਰਮਚਾਰੀਆਂ ਦੀਆਂ ਲੱਤਾਂ ਅਤੇ ਮੋਢੇ ਟੁੱਟ ਚੁੱਕੇ ਹਨ। ਸਰਕਾਰ ਦੇ ਸਿਹਤ ਕ੍ਰਾਂਤੀ ਦੇ ਦਾਅਵਿਆਂ ਨੂੰ ਖੋਖਲਾ ਦੱਸਦਿਆਂ ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਯੋਗ ਇਲਾਜ ਤੱਕ ਨਹੀਂ ਮਿਲ ਰਿਹਾ। ਹਸਪਤਾਲਾਂ ਵਿੱਚ ਐਕਸ-ਰੇ ਮਸ਼ੀਨਾਂ ਬੰਦ ਪਈਆਂ ਹਨ ਅਤੇ ਡਾਕਟਰਾਂ ਦੀ ਵੀ ਭਾਰੀ ਘਾਟ ਹੈ, ਜਿਸ ਕਾਰਨ ਮਰੀਜ਼ਾਂ ਨੂੰ ਦੂਰ-ਦੂਰ ਭਟਕਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਸਰਕਾਰ ਵੱਲੋਂ ਮਦਦ ਨਾ ਮਿਲਣ ‘ਤੇ ਉਨ੍ਹਾਂ ਨੇ ਆਪਣੇ ਪੱਧਰ ‘ਤੇ ਗਰੀਬ ਕਰਮਚਾਰੀਆਂ ਦੀ ਮਲਮ-ਪੱਟੀ ਅਤੇ ਇਲਾਜ ਲਈ ਵਿੱਤੀ ਸਹਾਇਤਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਹਰੇਕ ਫਰੰਟ ‘ਤੇ ਫੇਲ੍ਹ ਸਾਬਤ ਹੋ ਚੁੱਕੀ ਹੈ ਅਤੇ ਸਿਰਫ਼ ਦੂਜੇ ਰਾਜਾਂ ਵਿੱਚ ਜਾ ਕੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਜਦਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਅਤੇ ਵਿਕਾਸ ਦਾ ਬੁਰਾ ਹਾਲ ਹੈ। ਕੇਵਲ ਢਿੱਲੋ ਨੇ ਮੰਗ ਕੀਤੀ ਕਿ ਜ਼ਖ਼ਮੀ ਸਫ਼ਾਈ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਨਿਹੱਥੇ ਕਰਮਚਾਰੀਆਂ ‘ਤੇ ਅੱਤਿਆਚਾਰ ਕਰਨ ਵਾਲੇ ਦੋਸ਼ੀ ਅਧਿਕਾਰੀਆਂ ‘ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here