ਸੰਗਰੂਰ ’ਚ ਕਾਂਗਰਸ ਪਾਰਟੀ ਦਾ ਵਿਸ਼ਾਲ ਕੈਂਡਲ ਮਾਰਚ/ ਪੇਪਰ ਲੀਕ ਮਾਮਲੇ ਨੂੰ ਲੈ ਕੇ ਪ੍ਰਗਟਾਇਆ ਰੋਸ/ ਮੋਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਕੱਢੀ ਭੜਾਸ

0
3

ਨੀਟ ਪੇਪਰ ਲੀਕ ਮਾਮਲੇ ‘ਤੇ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਸੰਗਰੂਰ ਵਿੱਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ ਦੀ ਅਗਵਾਈ ਹੇਠ ਵਰਕਰਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਹੱਥਾਂ ਵਿੱਚ ਮੋਮਬੱਤੀਆਂ ਲੈ ਕੇ ਕੈਂਡਲ ਮਾਰਚ ਕੱਢਿਆ ਗਿਆ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਜੰਤਰ-ਮੰਤਰ ‘ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਅਤੇ ਵਿਦਿਆਰਥਣਾਂ ‘ਤੇ ਮੋਦੀ ਸਰਕਾਰ ਦੀ ਸ਼ਹਿ ‘ਤੇ ਪੁਲਿਸ ਵੱਲੋਂ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ, ਜੋ ਕਿ ਬੇਹੱਦ ਮੰਦਭਾਗਾ ਹੈ। ਆਗੂਆਂ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਵਿਵਹਾਰ ਦੀ ਵੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ।
ਆਗੂਆਂ ਨੇ ਅੱਗੇ ਕਿਹਾ ਕਿ ਪਿਛਲੇ ਦਿਨੀਂ ਪੇਪਰ ਲੀਕ ਨੂੰ ਲੈ ਕੇ ਜੋ ਸਾਡੇ ਨੌਜਵਾਨ ਸਾਥੀ, ਦੇਸ਼ ਦੇ ਵਿਦਿਆਰਥੀ ਜੰਤਰ-ਮੰਤਰ ‘ਤੇ ਇੱਕ ਰੋਸ, ਸ਼ਾਂਤਮਈ ਧਰਨਾ ਦੇ ਰਹੇ ਸੀ, ਉਹਨਾਂ ਨੂੰ ਮੋਦੀ ਦੀ ਸ਼ਹਿ ‘ਤੇ ਪੁਲਿਸ ਵੱਲੋਂ ਬਹੁਤ ਵੱਡਾ ਲਾਠੀਚਾਰਜ ਕੀਤਾ ਗਿਆ… ਅਸੀਂ ਐੱਚ.ਆਰ.ਡੀ ਮਿਨਿਸਟਰ (ਸਿੱਖਿਆ ਮੰਤਰੀ) ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਾਂ.ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਹੈ, ਸਭ ਤੋਂ ਵੱਧ ਪੇਪਰ ਲੀਕ ਦੇ ਮਸਲੇ ਇਹਨਾਂ ਦੀ ਸਰਕਾਰ ‘ਚ ਹੁੰਦੇ ਨੇ।
ਪ੍ਰਦਰਸ਼ਨਕਾਰੀਆਂ ਨੇ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਹੋਏ ਦੁਰਵਿਵਹਾਰ ਦੀ ਵੀ ਸਖ਼ਤ ਨਿੰਦਾ ਕੀਤੀ। ਉਹਨਾਂ ਕਿਹਾ ਕਿ ਜਦੋਂ ਰਾਹੁਲ ਗਾਂਧੀ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ਼ ਚੁੱਕਣ ਅਤੇ ਲੋਕ ਸਭਾ ਤੇ ਰਾਜ ਸਭਾ ਵਿੱਚ ਬਹਿਸ ਦੀ ਮੰਗ ਕਰਨ ਗਏ ਤਾਂ ਸਰਕਾਰ ਨੇ ਉਹਨਾਂ ਦੀ ਮੰਗ ਨੂੰ ਨਕਾਰ ਦਿੱਤਾ। ਕਾਂਗਰਸੀ ਆਗੂਆਂ ਮੁਤਾਬਕ ਦੇਸ਼ ਦਾ ਨੌਜਵਾਨ ਹੁਣ ਸੜਕਾਂ ਤੋਂ ਲੈ ਕੇ ਸੰਸਦ ਤੱਕ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ ਅਤੇ ਸਰਕਾਰ ਨੂੰ ਨੌਜਵਾਨਾਂ ਦੀ ਮੰਗ ਅੱਗੇ ਝੁਕਣਾ ਹੀ ਪਵੇਗਾ। ਕਾਂਗਰਸ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਵਿਦਿਆਰਥੀਆਂ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਸਿੱਖਿਆ ਮੰਤਰੀ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

LEAVE A REPLY

Please enter your comment!
Please enter your name here