ਗਿ. ਹਰਪ੍ਰੀਤ ਸਿੰਘ ਦਾ ਸਰਕਾਰ ਵੱਲ ਨਿਸ਼ਾਨਾ/ ਗੈਂਗਸਟਰਵਾਦ ਤੇ ਫਿਰੌਤੀਆਂ ਦੇ ਹਵਾਲੇ ਨਾਲ ਪੁੱਛੇ ਸਵਾਲ/ ਅਮਨ ਕਾਨੂੰਨ ਸਾਂਭਣ ’ਚ ਨਾਕਾਮ ਰਹਿਣ ਦੇ ਇਲਜ਼ਾਮ

0
2

ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿ. ਹਰਪ੍ਰੀਤ ਸਿੰਘ ਅੱਜ ਸੰਗਰੂਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਰਟੀ ਵੱਲੋਂ ਰੱਖੀ ਗਈ ਵਰਕਰ ਮਿਲਣੀ ਵਿਚ ਸ਼ਿਰਕਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਗੈਂਗਸਟਰਵਾਦ ਦਾ ਬੋਲਬਾਲਾ ਹੈ, ਜਿਸ ਦੇ ਚਲਦਿਆਂ ਲੋਕਾਂ ਨੂੰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ‘ਫਿਰੌਤੀਆਂ ਦਾ ਸਟੇਟ’ ਬਣਦਾ ਜਾ ਰਿਹਾ ਹੈ, ਜਿੱਥੇ ਕੋਈ ਵੀ ਵਪਾਰੀ ਜਾਂ ਆਮ ਨਾਗਰਿਕ ਸੁਰੱਖਿਅਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਹਾਲਤ ਐਨੇ ਮਾੜੇ ਹਨ ਕਿ ਲੋਕ ਫਿਰੌਤੀ ਕਾਲ ਤੋਂ ਡਰਦਿਆਂ ਵੈਟਸਐਪ ਵਰਤਣ ਤੋਂ ਡਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਸਰਕਾਰਾਂ ਦਾ ਫਰਜ ਹੈ, ਇਸ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਗਲਤ ਅਨਸਰਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਿਸ ਕਿਸਮ ਦੇ ਹਾਲਾਤ ਅੱਜ ਪੰਜਾਬ ਦੇ ਬਣ ਚੁੱਕੇ ਹਨ, ਉਹ ਬਹੁਤ ਚਿੰਤਾਜਨਕ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆੜ੍ਹਤੀ, ਪੈਟਰੋਲ ਪੰਪ ਮਾਲਕ ਅਤੇ ਪ੍ਰਾਪਰਟੀ ਡੀਲਰ ਫਿਰੌਤੀਆਂ ਦੇ ਡਰੋਂ ਵਟਸਐਪ ਚਲਾਉਣ ਤੋਂ ਵੀ ਡਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਜੇਲ੍ਹਾਂ ਅਤੇ ਵਿਦੇਸ਼ਾਂ ਤੋਂ ਧਮਕੀਆਂ ਭਰੇ ਫੋਨ ਆ ਰਹੇ ਹਨ।  ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਵਿੱਚ ਬੇਰੁਜ਼ਗਾਰੀ ਅਤੇ ਬਾਹਰਲੇ ਰਾਜਾਂ ਦੇ ਨੌਜਵਾਨਾਂ ਨੂੰ ਪੰਜਾਬ ਵਿੱਚ ਨੌਕਰੀਆਂ ਦੇਣ ਦੇ ਮੁੱਦੇ ‘ਤੇ ਵੀ ਸਰਕਾਰ ਨੂੰ ਘੇਰਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਕੱਢੀਆਂ ਗਈਆਂ ਨੌਕਰੀਆਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕਰਕੇ ਰਾਜਸਥਾਨ ਦੇ ਨੌਜਵਾਨਾਂ ਨੂੰ ਭਰਤੀ ਕੀਤਾ ਗਿਆ ਹੈ, ਜੋ ਕਿ ਪੰਜਾਬ ਦੇ ਨੌਜਵਾਨਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਪੰਜਾਬ ਦੇ ਸਾਰੇ ਹਿਤੈਸ਼ੀਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਤਾਂ ਜੋ ਸੂਬੇ ਦੇ ਭਵਿੱਖ ਨੂੰ ਬਚਾਇਆ ਜਾ ਸਕੇ।

LEAVE A REPLY

Please enter your comment!
Please enter your name here