ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਜਾਰੀ/ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਵੀ ਸਾਧੇ ਨਿਸ਼ਾਨੇ/ ਝੂਠੇ ਬਿਰਤਾਂਤ ਸਿਰਜਣ ਦੇ ਲਾਏ ਇਲਜ਼ਾਮ

0
2

ਹਲਕਾ ਲਹਿਰਾ ਦੇ ਪਿੰਡ ਲੇਹਲ ਕਲਾਂ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪੰਜਾਬ ਦੇ ਕੈਬਿਨੇਟ ਮੰਤਰੀ ਬਰਿੰਦਰ ਗੋਇਲ ਨੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਅਤੇ ਉਨ੍ਹਾਂ ਦੇ ਬਿਆਨਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਮੰਤਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਵਿੱਚ ਸਵਾਗਤ ਹੈ, ਪਰ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਪੰਜਾਬ ਦਾ ਰੋਕਿਆ ਹੋਇਆ ਫੰਡ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਆਪਣੇ ਹੀ ਪੈਸਿਆਂ ਨੂੰ ਸੌਗਾਤ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਪੰਜਾਬ ਵਿੱਚ ਰਾਜਨੀਤੀ ਕਰਨ ਆਏ ਹਨ ਤਾਂ ਇਸ ਦਾ ਭਾਜਪਾ ਨੂੰ ਕੋਈ ਲਾਭ ਨਹੀਂ ਮਿਲੇਗਾ।
ਪ੍ਰਧਾਨ ਮੰਤਰੀ ਵੱਲੋਂ ਪੰਜਾਬ ਸਰਕਾਰ ‘ਤੇ ਉਧਾਰ ਲਏ ਪੈਸਿਆਂ ਨਾਲ ਮੌਜ ਕਰਨ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਮੰਤਰੀ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਸ ਨੇ ਖੁਦ ਕਿੰਨਾ ਕਰਜ਼ਾ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪਿਛਲੀ ਸਰਕਾਰ ਸੱਤਾ ਤੋਂ ਗਈ ਸੀ ਤਾਂ ਪੰਜਾਬ ਦੇ ਸਿਰ ‘ਤੇ ਲਗਭਗ 3 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਈ ਸੀ ਅਤੇ ਮੌਜੂਦਾ ਪੰਜਾਬ ਸਰਕਾਰ ਉਸ ਕਰਜ਼ੇ ਦਾ ਵਿਆਜ ਭਰ ਰਹੀ ਹੈ।
ਮੰਤਰੀ ਗੋਇਲ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ‘ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਅਤੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਵੱਧ ਵਿਕਾਸ ਕਾਰਜ ਕਰਵਾਏ ਹਨ। ਪੰਜਾਬ ਦੀ ਕਾਨੂੰਨ-ਵਿਵਸਥਾ ਬਾਰੇ ਪ੍ਰਧਾਨ ਮੰਤਰੀ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੇ ਭਾਰਤ ਦੇ ਅੰਕੜੇ ਵੇਖੇ ਜਾਣ ਤਾਂ ਪੰਜਾਬ ਵਿੱਚ ਅਪਰਾਧ ਦੀ ਦਰ ਕਈ ਹੋਰ ਸੂਬਿਆਂ ਨਾਲੋਂ ਘੱਟ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਵੀ ਕਾਨੂੰਨ-ਵਿਵਸਥਾ ਦੀ ਸਥਿਤੀ ਖਰਾਬ ਹੋਈ ਹੈ, ਉੱਥੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ। ਇਸ ਮੌਕੇ ਲੋਕ ਮਿਲਣੀ ਦੌਰਾਨ ਪਿੰਡ ਲੇਹਲ ਕਲਾਂ ਦੇ ਕਈ ਨੌਜਵਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੇ ਵਿਕਾਸ ਕਾਰਜਾਂ, ਖੇਡਾਂ ਨੂੰ ਦਿੱਤੇ ਜਾ ਰਹੇ ਉਤਸ਼ਾਹ ਅਤੇ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।

LEAVE A REPLY

Please enter your comment!
Please enter your name here