ਰਾਜਪਾਲ ਨੂੰ ਮਿਲਿਆ ਅਕਾਲੀ ਦਲ ਵਾਰਿਸ ਪੰਜਾਬ ਦਾ ਵਫਦ/ ਫਿਲਮ ਸਤਲੁਜ ਤੇ ਪਾਬੰਦੀ ਦਾ ਮੁੱਦਾ ਉਠਾਇਆ/ ਸਾਂਸਦ ਅੰਮ੍ਰਿਤਪਾਲ ਨੂੰ ਬੋਲਣ ਦਾ ਮੌਕਾ ਦੇਣ ਦੀ ਮੰਗ

0
3

ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰ ਕੇ ਫਿਲਮ ਸਤਲੁਜ ਤੇ ਪਾਬੰਦੀ ਦਾ ਮੁੱਦਾ ਉਠਾਇਆ ਹੈ। ਵਫਦ ਨੇ ਰਾਜਪਾਲ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਅੰਦਰ ਆਪਣੇ ਹਲਕੇ ਦੀ ਆਵਾਜ ਉਠਾਉਣ ਦਾ ਮੌਕਾ ਦੇਣ ਦੀ ਮੰਗ ਵੀ ਰੱਖੀ। ਵਫਦ ਵਿਚ  ਸੀਨੀਅਰ ਆਗੂ ਤਰਸੇਮ ਸਿੰਘ, ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਸ਼ਾਮਲ ਸਨ।
ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵਿਖੇ ਹੋਈ ਮਿਲਣੀ ਦੌਰਾਨ ਵਫ਼ਦ ਨੇ ਰਾਜਪਾਲ ਨਾਲ ਪੰਜਾਬ ਦੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਵਫ਼ਦ ਨੇ ਫ਼ਿਲਮ ਸਤਲੁਜ ਨੂੰ ਹਟਾਏ ਜਾਣ ਦੀ ਨਿਖੇਧੀ ਕੀਤੀ। ਇਸ ਦੇ ਨਾਲ ਹੀ  ਆਗੂਆਂ ਨੇ ਫ਼ਿਲਮ ‘ਸਤਲੁਜ’ ਮੁੜ ਰਿਲੀਜ਼ ਕਰਨ ਅਤੇ ਅੰਮ੍ਰਿਤਪਾਲ ਨੂੰ ਸੰਸਦ ਵਿੱਚ ਪੰਜਾਬ ਦੀ ਆਵਾਜ਼ ਉਠਾਉਣ ਦਾ ਮੌਕਾ ਦੇਣ ਦੀ ਮੰਗ ਕੀਤੀ। ਵਫ਼ਦ ਦੇ ਆਗੂਆਂ ਨੇ ਕਿਹਾ ਕਿ ਇਹ ਫ਼ਿਲਮ ਪੰਜਾਬ ਦੇ ਉਸ ਕਾਲੇ ਦੌਰ ਦੀ ਸੱਚਾਈ ਨੂੰ ਬੇਖ਼ੂਬੀ ਬਿਆਨ ਕਰਦੀ ਹੈ, ਜਦੋਂ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਲਾਵਾਰਸ ਦੱਸ ਕੇ ਸਸਕਾਰ ਕਰ ਦਿੱਤਾ ਗਿਆ।
ਉਨ੍ਹਾਂ ਲਾਸ਼ਾਂ ਦੇ ਅਸਲ ਵਾਰਸਾਂ ਨੂੰ ਇਨਸਾਫ਼ ਦਿਵਾਉਣ ਲਈ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਸੰਘਰਸ਼ ਕੀਤਾ ਸੀ। ਇਸ ਸੱਚਾਈ ਨੂੰ ਫ਼ਿਲਮ ਰਾਹੀਂ ਮੌਜੂਦਾ ਪੀੜ੍ਹੀ ਦੇ ਸਾਹਮਣੇ ਰੱਖਿਆ ਗਿਆ। ਅਜਿਹੀ ਇਤਿਹਾਸਕ ਫਿਲਮ ਨੂੰ ਲੋਕਾਂ ਤੋਂ ਦੂਰ ਕਰਨਾ ਮੰਦਭਾਗਾ ਹੈ। ਇਸ ਲਈ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ‘ਸਤਲੁਜ’ ਨੂੰ ਤੁਰੰਤ ਮੁੜ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ।
ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਧਿਆਨ ਵਿੱਚ ਲਿਆਂਦਾ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਲੱਗੀ ਐਨ ਐੱਸ ਏ ਰੱਦ ਹੋ ਚੁੱਕੀ ਹੈ। ਅਜਿਹੇ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਲੋਕਮਤ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਆਪਣੇ ਸੰਸਦੀ ਫ਼ਰਜ਼ ਨਿਭਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ਲਈ ਅੰਮ੍ਰਿਤਪਾਲ ਨੂੰ ਸੰਸਦ ਵਿੱਚ ਪੰਜਾਬ ਦੇ ਅਹਿਮ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ।

LEAVE A REPLY

Please enter your comment!
Please enter your name here