ਰੋਪੜ ਦੇ ਪਿੰਡ ਰੰਗੀਲਪੁਰ ਦੇ ਵਾਸੀਆਂ ਨੂੰ ਸਰਪੰਚ ਦੀ ਉਡੀਕ/ ਸਰਪੰਚ ਦੀ ਅਣਹੋਂਦ ਕਾਰਨ ਵਿਕਾਸ ਕੰਮਾਂ ਨੂੰ ਲੱਗੀਆਂ ਬਰੇਕਾਂ/ ਪ੍ਰਸ਼ਾਸਨ ਤੋਂ ਸਰਪੰਚ ਨੂੰ ਛੇਤੀ ਚਾਰਜ ਦੇਣ ਦੀ ਕੀਤੀ ਮੰਗ

0
8

ਪੰਜਾਬ ਅੰਦਰ ਪੰਚਾਇਤੀ ਚੋਣਾਂ ਹੋਇਆ ਨੂੰ ਭਾਵੇਂ 7 ਮਹੀਨੇ ਦਾ ਅਰਸਾ ਬੀਤ ਚੁੱਕਾ ਐ ਪਰ ਰੋਪੜ ਦੇ ਪਿੰਡ ਰੰਗੀਲਪੁਰ ਨੂੰ ਅਜੇ ਤਕ ਸਰਪੰਚ ਨਸੀਬ ਨਹੀਂ ਹੋ ਸਕਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਜਾਣਕਾਰੀ ਅਨੁਸਾਰ ਚੋਣਾਂ ਦੌਰਾਨ ਸੁਨੀਲ ਕੁਮਾਰ ਚੋਣ ਜਿੱਤ ਕੇ ਸਰਪੰਚ ਬਣੇ ਸੀ ਪਰ ਵਿਰੋਧੀ ਧਿਰਾਂ ਦੇ ਇਲਜਾਮਾਂ ਕਾਰਨ ਚਾਰਜ ਨਹੀਂ ਸੰਭਾਲ ਸਕੇ। ਪ੍ਰਸ਼ਾਸਨ ਵੱਲੋਂ ਦੋਸ਼ਾਂ ਦੇ ਜਾਂਚ ਦਾ ਹਵਾਲਾ ਦਿੰਦਿਆਂ ਸਰਪੰਚ ਨੂੰ ਚਾਰਜ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਐ, ਜਿਸ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਐ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮਾਮਲੇ ਦਾ ਛੇਤੀ ਨਿਬੇੜਾ ਕਰ ਕੇ ਸਰਪੰਚ ਨੂੰ ਚਾਰਜ ਦੇਣ ਦੀ ਮੰਗ ਕੀਤੀ ਐ ਤਾਂ ਜੋ ਪਿੰਡ ਦੇ ਰੁਕੇ ਕੰਮ ਚਾਲੂ ਹੋ ਸਕਣ। ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਵੇਲੇ ਸੁਨੀਲ ਕੁਮਾਰ 24 ਵੋਟਾਂ ਨਾਲ ਜਿੱਤ ਕੇ ਸਰਪੰਚ ਬਣੇ ਸਨ। ਪ੍ਰੰਤੂ ਉਹਨਾਂ ਦੇ ਵਿਰੋਧੀ ਧਿਰ ਵੱਲੋਂ ਉਹਨਾਂ ਤੇ ਕਈ ਆਰੋਪ ਲਗਾਏ ਗਏ ਸਨ, ਜਿਸ ਦੀ ਜਾਂਚ ਚੱਲ ਰਹੀ ਐ, ਜਿਸ ਦੇ ਚਲਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਚਾਰਜ ਨਹੀਂ ਦਿੱਤਾ ਗਿਆ। ਸਰਪੰਚ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਪਿੰਡ ਦੇ ਸਰਪੰਚ ਰਹੇ ਹਨ ਪਰ ਹੁਣ ਜਾਂਚ ਦਾ ਬਣਾ ਕੇ ਸਰਪੰਚੀ ਦਾ ਚਾਰਜ ਦੇਣ ਤੋਂ ਨਾਂਹ ਕੀਤੀ ਜਾ ਰਹੀ ਐ। ਉਸ ਨੇ ਕਿਹਾ ਕਿ ਜੇਕਰ ਮੈਂ ਸਰਪੰਚ ਬਣਨ ਦੇ ਯੋਗ ਨਹੀਂ ਹਾਂ ਤਾਂ ਪਿੰਡ ਵਿੱਚ ਚੁਣੇ ਗਏ ਪੰਚਾਂ ਵਿੱਚੋਂ  ਹੀ ਕਿਸੇ ਪੰਚ ਨੂੰ ਚਾਰਜ ਦੇ ਦਿੱਤਾ ਜਾਵੇ ਤਾਂ ਜੋ ਪਿੰਡ ਦੇ ਵਿਕਾਸ ਕਾਰਜ ਹੋ ਸਕਣ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਜਿਤਾਏ ਗਏ ਉਮੀਦਵਾਰ ਸੁਨੀਲ ਕੁਮਾਰ ਨੂੰ ਜਲਦ ਤੋਂ ਜਲਦ ਚਾਰਜ ਦਿੱਤਾ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਪੰਚ ਨਾ ਹੋਣ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੇ ਪਿੰਡ ਦੇ ਵਿਕਾਸ ਕਾਰਜ ਰੁਕੇ ਹੋਏ ਹਨ। ਪਿੰਡ ਦੇ ਵਿੱਚ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੋਇਆ ਪਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਨਾਂ ਨੂੰ ਕੋਈ ਕਾਗਜ ਤਸਦੀਕ ਕਰਾਉਣਾ ਹੁੰਦਾ ਹੈ ਤਾਂ ਉਹਨਾਂ ਨੂੰ ਖਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਹਨਾਂ ਦੇ ਪਿੰਡ ਨੂੰ ਜਲਦ ਤੋਂ ਜਲਦ ਸਰਪੰਚ ਦਿੱਤਾ ਜਾਵੇ।

LEAVE A REPLY

Please enter your comment!
Please enter your name here