ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜ ਪਾਵਨ ਸਰੂਪ ਅਗਨ ਭੇਂਟ/ ਸੁਖ ਆਸਨ ਸਥਾਨ ਅੰਦਰ ਲੱਗੀ ਅੱਗ/ ਬਿਜਲੀ ਦਾ ਸ਼ਾਰਟ ਸਰਕਟ ਹੋਣ ਦਾ ਸ਼ੱਕ

0
2

ਮੁਕਤਸਰ ਸਾਹਿਬ ਦੇ ਪਿੰਡ ਭੁੱਟੀਵਾਲਾ ਦੇ ਗੁਰਦੁਆਰਾ ਸਾਹਿਬ ਅੰਦਰ ਅੱਗ ਲੱਗਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ ਦੇ ਸੁਖ ਆਸਨ ਸਥਾਨ ਅੰਦਰ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਪਾਵਨ ਸਰੂਪ ਅਗਨੀ ਭੇਂਟ ਹੋ ਗਏ। ਘਟਨਾ ਤੋਂ ਬਾਅਦ ਮੌਕੇ ਤੇ ਇਕੱਤਰ ਪਿੰਡ ਵਾਸੀਆਂ ਨੇ ਬਚਾਅ ਕਰਦਿਆਂ 4 ਪਾਵਨ ਸਰੂਪਾਂ ਨੂੰ ਬਚਾਅ ਲਿਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਸਿੰਘਾਂ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਬਚਾਏ ਗਏ 4 ਸਰੂਪ ਵੀ ਪਾਣੀ ਲੱਗਣ ਕਾਰਨ ਮਾੜੀ ਹਾਲਤ ਵਿਚ ਸਨ, ਜਿਨ੍ਹਾਂ ਨੂੰ ਧਰਮ ਪ੍ਰਚਾਰ ਕਮੇਟੀ ਹਵਾਲੇ ਕਰ ਦਿੱਤਾ ਗਿਆ ਹੈ।
ਇਸੇ ਦੌਰਾਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਧਾਮੀ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਘਟਨਾ ਹੈ ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਬਿਜਲੀ ਉਪਕਰਣਾਂ ਦੀ ਜਾਂਚ ਅਤੇ ਨਿਗਰਾਨੀ ਪ੍ਰਬੰਧਾਂ ਦੀ ਤਰਜੀਹ ਹੋਣੀ ਚਾਹੀਦੀ ਹੈ। ਬਹੁਤ ਵਾਰੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੇਵਾਦਾਰਾਂ ਦੀ ਗੈਰ ਹਾਜ਼ਰੀ ਵਿਚ ਬਿਜਲੀ ਉਪਕਰਣਾਂ ਨੂੰ ਚਾਲੂ ਨਾ ਰੱਖਿਆ ਜਾਵੇ ਪਰ ਦੁੱਖ ਦੀ ਗੱਲ ਹੈ ਕਿ ਪ੍ਰਬੰਧਕ ਕਮੇਟੀਆਂ ਇਸ ’ਤੇ ਧਿਆਨ ਨਹੀਂ ਦਿੰਦੀਆਂ।
ਉਨ੍ਹਾਂ ਕਿਹਾ ਕਿ ਤਾਜ਼ਾ ਘਟਨਾ ਵੀ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਰਕੇ ਵਾਪਰੀ ਹੈ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਟੀਮ ਪੜਤਾਲ ਲਈ ਅਤੇ ਅਗਨ ਭੇਟ ਹੋਏ ਪਾਵਨ ਸਰੂਪਾਂ ਦੀ ਸੰਭਾਲ ਲਈ ਭੇਜੀ ਗਈ ਹੈ, ਜੋ ਜਾਂਚ ਕਰਕੇ ਰਿਪੋਰਟ ਕਰੇਗੀ।

LEAVE A REPLY

Please enter your comment!
Please enter your name here