ਮੁਕਤਸਰ ਵਿਖੇ ਮਨੀਸ਼ ਸਿਸੋਦੀਆਂ ਦਾ ਵੱਡਾ ਐਲਾਨ/ ਪੰਜਾਬ ’ਚ ਖੁੱਲ੍ਹਣਗੀਆਂ ਚਾਰ ਏਆਈ ਯੂਨੀਵਰਸਿਟੀਆਂ/ ਅਗਸਤ ’ਚ ਹੋਣਗੇ ਦਾਖਲੇ, ਆਨਲਾਈਨ ਵੀ ਲਗਾ ਸਕਣਗੇ ਕਲਾਸਾਂ

0
3

ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਮੁਕਤਸਰ ਵਿਖੇ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ’ਚ ਸਿੱਖਿਆ ਪ੍ਰਣਾਲੀ ਨੂੰ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਦੌਰ ਮੁਤਾਬਕ ਬਦਲ ਰਹੀ ਹੈ। ਸਿਸੋਦੀਆ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਚਾਰ ਏਆਈ ਯੂਨੀਵਰਸਿਟੀਆਂ ਖੋਲ੍ਹੇਗੀ, ਜਿਨ੍ਹਾਂ ਵਿੱਚ ਦਾਖ਼ਲਾ ਪ੍ਰਕਿਰਿਆ ਇਸੇ ਸਾਲ ਅਗਸਤ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਉਹ ਸਮਾਂ ਚਲਾ ਗਿਆ ਹੈ ਜਦੋਂ ਬੱਚਿਆਂ ਨੂੰ ਕਲਾਸ ਵਿੱਚ ਬੈਠ ਕੇ ਲੈਕਚਰ ਸੁਣਨਾ ਪੈਂਦਾ ਸੀ, ਹੁਣ ਬੱਚਾ ਜਿੱਥੇ ਵੀ ਹੋਵੇਗਾ, ਏਆਈ ਯੂਨੀਵਰਸਿਟੀ ਦਾ ਲੈਕਚਰ ਆਨਲਾਈਨ ਅਟੈਂਡ ਕਰ ਸਕੇਗਾ।
ਸਿਸੋਦੀਆ ਮੁਕਤਸਰ ਵਿਖੇ ‘ਬਰਾਈਟ ਮਾਈਂਡਸ ਪੰਜਾਬ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਇਨਸਾਨੀ ਅਧਿਆਪਕਾਂ ਦੇ ਨਾਲ-ਨਾਲ ਏਆਈ ਅਧਿਆਪਕ ਵੀ ਹੋਣਗੇ ਤਾਂ ਜੋ ਵਿਦਿਆਰਥੀ ਬਿਹਤਰ ਤਰੀਕੇ ਨਾਲ ਆਨਲਾਈਨ ਸਿੱਖਿਆ ਪ੍ਰਾਪਤ ਕਰ ਸਕਣ। ਇਸ ਪ੍ਰੋਗਰਾਮ ਦੌਰਾਨ 12ਵੀਂ ਜਮਾਤ ਵਿੱਚੋਂ 85 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸਿਸੋਦੀਆ ਨੇ ਨੀਟ ਪੇਪਰ ਲੀਕ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਵਿਦਿਆਰਥੀਆਂ ਤੋਂ ਉਨ੍ਹਾਂ ਦਾ ਤਜਰਬਾ ਪੁੱਛਿਆ ਅਤੇ ਕਿਹਾ ਕਿ ਕਦੇ ਸੁਣਿਆ ਹੈ ਕਿ ਅਮਰੀਕਾ ਜਾਂ ਜਾਪਾਨ ਵਿੱਚ ਪੇਪਰ ਲੀਕ ਹੋਇਆ ਹੋਵੇ? ਸਾਡੇ ਦੇਸ਼ ਵਿੱਚ ਹੀ ਅਜਿਹਾ ਕਿਉਂ ਹੁੰਦਾ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਕੀ ਏਅਰ ਫੋਰਸ ਲਗਾਉਣ ਨਾਲ ਪੇਪਰ ਲੀਕ ਹੋਣਾ ਬੰਦ ਹੋ ਜਾਵੇਗਾ? ਲੀਕ ਕਰਨ ਵਾਲਾ ਤਾਂ ਨਾਲ ਹੀ ਰਹੇਗਾ। ਸਾਨੂੰ ਸਿਸਟਮ ਬਦਲਣਾ ਪਵੇਗਾ।
ਸਿਸੋਦੀਆ ਨੇ ਕਿਹਾ ਕਿ ਤਿੰਨ ਘੰਟੇ ਦੀ ਪ੍ਰੀਖਿਆ ਨਾਲ ਕਿਸੇ ਬੱਚੇ ਦੀ ਕਾਬਲੀਅਤ ਦਾ ਅੰਦਾਜ਼ਾ ਲਗਾਉਣਾ ਗਲਤ ਹੈ। ਪੇਪਰ ਲੀਕ ਹੋਣ ਕਾਰਨ ਕਈ ਬੱਚਿਆਂ ਨੇ ਖੁਦਕੁਸ਼ੀਆਂ ਵੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਸਿੱਖਿਆ ’ਤੇ ਗੱਲ ਕਰੇ, ਉਸ ਨੂੰ ਚੁਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜਿੱਥੇ ਡਾਕਟਰ ਬਣਦੇ ਹਨ, ਸਾਰੇ ਦੇਸ਼ਾਂ ਵਿੱਚ ਬਣਦੇ ਹਨ ਪਰ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਅਜਿਹਾ ਐਜੂਕੇਸ਼ਨ ਸਿਸਟਮ ਨਹੀਂ ਹੈ ਜਿੱਥੇ ਤਿੰਨ ਘੰਟੇ ਦੀ ਪ੍ਰੀਖਿਆ ਵਿੱਚ ਬੱਚੇ ਨੂੰ ਜੱਜ ਕੀਤਾ ਜਾਂਦਾ ਹੋਵੇ।
ਪ੍ਰਾਈਵੇਟ ਸਕੂਲਾਂ ਬਾਰੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਹੁਣ ਕੋਈ ਵੀ ਸਕੂਲ 5 ਫੀਸਦੀ ਤੋਂ ਜਿਆਦਾ ਸਾਲਾਨਾ ਫੀਸ ਨਹੀਂ ਵਧਾ ਸਕੇਗਾ। ਇਸ ਦਾ ਬਿੱਲ ਰਾਜਪਾਲ ਨੂੰ ਭੇਜ ਦਿੱਤਾ ਗਿਆ ਹੈ। ਇਹ ਨਿਯਮ ਸਿਰਫ਼ ਫੀਸਾਂ ’ਤੇ ਹੀ ਨਹੀਂ, ਸਗੋਂ ਕਿਤਾਬਾਂ ਦੀਆਂ ਕੀਮਤਾਂ ’ਤੇ ਵੀ ਲਾਗੂ ਹੋਵੇਗਾ। ਅਜਿਹਾ ਨਹੀਂ ਚੱਲੇਗਾ ਕਿ 5000 ਰੁਪਏ ਦੀ ਕਿਤਾਬ ਅਗਲੇ ਸਾਲ 20,000 ਰੁਪਏ ਵਿੱਚ ਵੇਚ ਦਿੱਤੀ ਜਾਵੇ। ਅਜਿਹਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਸੋਦੀਆ ਨੇ ਕਿਹਾ ਕਿ ਜਦੋਂ ਤੱਕ ਸਿੱਖਿਆ ਪ੍ਰਣਾਲੀ ਠੀਕ ਨਹੀਂ ਹੋਵੇਗੀ, ਭਾਰਤ ਵਿਕਸਿਤ ਦੇਸ਼ ਨਹੀਂ ਬਣ ਸਕਦਾ। ਪੰਜਾਬ ਸਰਕਾਰ ਅੱਗੇ ਵੀ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦੀ ਰਹੇਗੀ।
ਸਾਲ 2022 ਵਿੱਚ ’ਆਪ’ ਸਰਕਾਰ ਬਣਨ ਤੋਂ ਬਾਅਦ ਦਾ ਇੱਕ ਕਿੱਸਾ ਸੁਣਾਉਂਦਿਆਂ ਸਿਸੋਦੀਆ ਨੇ ਦੱਸਿਆ ਕਿ ਉਹ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਸਕੂਲਾਂ ਦੇ ਦੌਰੇ ’ਤੇ ਨਿਕਲੇ ਸਨ। ਬੈਂਸ ਨੇ ਕਿਹਾ ਕਿ ਸਕੂਲ ਦੀ ਬਾਊਂਡਰੀ ਟੁੱਟੀ ਹੋਈ ਹੈ, ਇਸ ਨੂੰ ਬਣਵਾਉਂਦੇ ਹਾਂ। ਮੈਂ ਕਿਹਾ ਸਿਰਫ਼ ਬਾਊਂਡਰੀ ਹੀ ਕਿਉਂ? ਸਕੂਲਾਂ ਵਿੱਚ ਲੈਬਾਂ ਬਣਾਵਾਂਗੇ, ਕੰਪਿਊਟਰ ਲਗਾਵਾਂਗੇ ਅਤੇ ਬੱਚਿਆਂ ਨੂੰ ਨਵੀਂ ਤਕਨੀਕ ਨਾਲ ਜੋੜਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਪੰਜਾਬ ਦੇ ਸਕੂਲਾਂ ਦੀ ਹਾਲਤ ਸਭ ਦੇ ਸਾਹਮਣੇ ਹੈ ਅਤੇ ਸ਼ਾਨਦਾਰ ਇਮਾਰਤਾਂ ਬਣ ਚੁੱਕੀਆਂ ਹਨ।

LEAVE A REPLY

Please enter your comment!
Please enter your name here