ਬਠਿੰਡਾ ਵਿਖੇ ਰਾਜ ਪੱਧਰੀ ਨਿਯੁਕਤੀ ਪੱਤਰ ਵੰਡ ਸਮਾਰੋਹ/ ਮੁੱਖ ਮੰਤਰੀ ਮਾਨ ਨੇ ਵੰਡੇ ਨਿਯੁਕਤੀ ਪੱਤਰ/ ਵਿਦੇਸ਼ਾਂ ’ਚੋਂ ਨੌਜਵਾਨਾਂ ਦੀ ਵਾਪਸੀ ਦਾ ਦਾਅਵਾ

0
3

ਬਠਿੰਡਾ ਦੇ ਇਤਿਹਾਸਕ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਅੱਜ ਰਾਜ ਪੱਧਰੀ ਨਿਯੁਕਤੀ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵੱਖ-ਵੱਖ ਵਿਭਾਗਾਂ ਲਈ ਚੁਣੇ ਗਏ ਸੈਂਕੜੇ ਯੋਗ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੀ ਰਿਸ਼ਵਤਖੋਰੀ ਅਤੇ ਸਿਫਾਰਸ਼ ਵਾਲੀ ਪ੍ਰਥਾ ਨੂੰ ਜੜ੍ਹੋਂ ਖਤਮ ਕਰ ਕੇ ਹੁਣ ਤੱਕ 68,288 ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਾਰਦਰਸ਼ੀ ਭਰਤੀ ਨੀਤੀ ਸਦਕਾ ਵਿਦੇਸ਼ਾਂ ਨੂੰ ਗਏ ਨੌਜਵਾਨ ਵਾਪਸ ਪੰਜਾਬ ਪਰਤ ਰਹੇ ਹਨ।
ਸਿੱਖਿਆ ਦੇ ਖੇਤਰ ਵਿੱਚ ਇਤਿਹਾਸਕ ਸੁਧਾਰਾਂ ਸਦਕਾ ਅੱਜ ਪੰਜਾਬ ਪੂਰੇ ਦੇਸ਼ ਵਿੱਚੋਂ ਪਹਿਲੇ ਨੰਬਰ ‘ਤੇ ਆ ਗਿਆ ਹੈ। ਇਸਦੇ ਨਾਲ ਹੀ ਮੁਲਾਜ਼ਮਾਂ, ਖਾਸ ਕਰਕੇ ਮਹਿਲਾਵਾਂ ਦੀ ਸਹੂਲਤ ਲਈ ਵੱਡਾ ਫੈਸਲਾ ਲੈਂਦਿਆਂ, ਪ੍ਰੋਬੇਸ਼ਨ ਪੀਰੀਅਡ ਤੋਂ ਬਾਅਦ ਉਹਨਾਂ ਦੀ ਪੋਸਟਿੰਗ ਘਰ ਤੋਂ 40 ਕਿਲੋਮੀਟਰ ਦੇ ਦਾਇਰੇ ਵਿੱਚ ਕਰਨ ਦਾ ਐਲਾਨ ਕੀਤਾ ਗਿਆ ਹੈ, ਤਾਂ ਜੋ ਪਰਿਵਾਰਕ ਸਾਂਝ ਬਣੀ ਰਹੇ। ਮਿਹਨਤ, ਇਮਾਨਦਾਰੀ ਅਤੇ ਲੋਕ ਸੇਵਾ ਸਰਕਾਰ ਦਾ ਮੁੱਖ ਟੀਚਾ ਹੈ। ਹਰ ਕਾਬਲ ਨੌਜਵਾਨ ਨੂੰ ਬਰਾਬਰ ਦੇ ਮੌਕੇ ਦੇ ਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਵੱਲ ਤੇਜ਼ੀ ਨਾਲ ਵਧ ਰਹੇ ਹਾਂ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ‘ਚ ਨੌਕਰੀਆਂ ਸਿਰਫ਼ ਅਤੇ ਸਿਰਫ਼ ‘ਮੈਰਿਟ’ ਦੇ ਅਧਾਰ ‘ਤੇ ਦਿੱਤੀਆਂ ਜਾ ਰਹੀਆਂ ਹਨ। ਹੁਣ ਪੰਜਾਬ ‘ਚੋਂ ਸਿਫ਼ਾਰਿਸ਼, ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟਾਚਾਰ ਦਾ ਦੌਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ, ਜਿਸ ਨਾਲ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਨੂੰ ਅੱਗੇ ਵਧਣ ਦਾ ਬਰਾਬਰ ਮੌਕਾ ਮਿਲ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਕੇ ਸੂਬੇ ਦੀ ਤਰੱਕੀ ‘ਚ ਯੋਗਦਾਨ ਪਾਉਣ।

LEAVE A REPLY

Please enter your comment!
Please enter your name here