ਪੰਜਾਬ ਯੂਥ ਕਾਂਗਰਸ ਨੂੰ ਮਿਲਿਆ ਨਵਾਂ ਪ੍ਰਧਾਨ/ ਧੂਰੀ ਦੇ ਸ਼ੁਭਮ ਸ਼ਰਮਾ ਨੇ ਪ੍ਰਾਪਤ ਕੀਤੀ ਰਿਕਾਰਡ ਜਿੱਤ/ ਰਾਜਾ ਵੜਿੰਗ ਨੇ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ

0
2

ਧੂਰੀ ਦੇ ਨੌਜਵਾਨ ਆਗੂ ਸ਼ੁਭਮ ਸ਼ਰਮਾ ਪੰਜਾਬ ਯੂਥ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਬਣ ਗਏ ਹਨ। ਸੰਗਠਨਕ ਚੋਣਾਂ ਵਿੱਚ ਕਰੀਬ 1 ਲੱਖ 60 ਹਜ਼ਾਰ ਵੋਟਾਂ ਹਾਸਲ ਕਰ ਕੇ ਸ਼ੁਭਮ ਸ਼ਰਮਾ ਨੇ ਰਿਕਾਰਡ ਬਣਾਉਂਦੇ ਹੋਏ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਚੋਣ ਨਤੀਜਿਆਂ ਅਨੁਸਾਰ ਸ਼ੁਭਮ ਸ਼ਰਮਾ ਨੂੰ ਕੁੱਲ 1,60,154 ਵੋਟਾਂ ਪ੍ਰਾਪਤ ਹੋਈਆਂ। ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਵਿਰੋਧੀ ਗਗਨਦੀਪ ਸਿੰਘ ਨੂੰ 1,56,271 ਵੋਟਾਂ ਮਿਲੀਆਂ, ਜਦਕਿ ਕਰਨਵੀਰ ਸਿੰਘ ਢਿੱਲੋਂ 94,181 ਵੋਟਾਂ ਹਾਸਲ ਕਰਕੇ ਤੀਜੇ ਸਥਾਨ ‘ਤੇ ਰਹੇ। ਇਸ ਚੋਣ ਵਿੱਚ ਕੁੱਲ 4,68,614 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ, ਜਿਸ ਕਾਰਨ ਇਹ ਚੋਣ ਕਾਫ਼ੀ ਰੋਮਾਂਚਕ ਅਤੇ ਮੁਕਾਬਲੇ ਵਾਲੀ ਰਹੀ।
ਸ਼ੁਭਮ ਸ਼ਰਮਾ ਇਸ ਤੋਂ ਪਹਿਲਾਂ ਪੰਜਾਬ ਯੂਥ ਕਾਂਗਰਸ ਵਿੱਚ ਜਨਰਲ ਸਕੱਤਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਸੰਗਠਨ ਵਿੱਚ ਉਨ੍ਹਾਂ ਦੀ ਸਰਗਰਮੀ, ਨੌਜਵਾਨਾਂ ਵਿੱਚ ਮਜ਼ਬੂਤ ਪਕੜ ਅਤੇ ਲਗਾਤਾਰ ਜਨ ਸੰਪਰਕ ਨੂੰ ਉਨ੍ਹਾਂ ਦੀ ਜਿੱਤ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਧੂਰੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਰਥਕਾਂ ਨੇ ਮਿਠਾਈਆਂ ਵੰਡ ਕੇ ਅਤੇ ਢੋਲ ਦੀ ਥਾਪ ਤੇ ਜਸ਼ਨ ਮਨਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ।
ਉਧਰ ਸ਼ੁਭਮ ਸ਼ਰਮਾ ਦੀ ਜਿੱਤ ਤੋਂ ਬਾਅਦ ਉਸ ਦੇ ਜੱਦੀ ਸ਼ਹਿਰ ਧੂਰੀ ਵਿਖੇ ਜਸ਼ਨ ਦਾ ਮਾਹੌਲ ਹੈ। ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਢੋਲ ਦੇ ਡੱਗੇ ਤੇ ਭੰਗੜੇ ਪਾ ਕੇ ਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਸ਼ੁਭਮ ਸ਼ਰਮਾ ਦੇ ਘਰ ਪਹੁੰਚੇ ਅਤੇ ਮੂੰਹ ਮਿੱਠਾ ਕਰਵਾ ਕੇ ਜਿੱਤ ਦੀ ਵਧਾਈ ਦਿੱਤੀ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਨੂੰ ਇੱਕ ਨੌਜਵਾਨ ਅਤੇ ਮਜ਼ਬੂਤ ਲੀਡਰਸ਼ਿਪ ਮਿਲੀ ਹੈ, ਜੋ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਸ਼ੁਭਮ ਸ਼ਰਮਾ ਨੇ ਵੀ ਮੇਰੇ ਵਾਂਗ ਹੀ ਸਖਤ ਮਿਹਨਤ ਤੇ ਲਗਨ ਦੇ ਬਲਬੂਤੇ ਇਹ ਮੁਕਾਮ ਹਾਸਲ ਕੀਤਾ ਹੈ। ਇਕ ਗੈਰ ਸਿਆਸੀ ਪਰਿਵਾਰ ਵਿਚੋਂ ਹੁੰਦੇ ਹੋਏ ਵੀ ਉਨ੍ਹਾਂ ਨੇ ਸ਼ਾਨਦਾਰ ਜਿੱਤ ਕੀਤੀ ਹੈ ਜੋ ਪੂਰੀ ਧੂਰੀ ਵਾਸੀਆਂ ਲਈ ਮਾਣ ਵਾਲੀ ਗੱਲ ਹੈ।

LEAVE A REPLY

Please enter your comment!
Please enter your name here