ਸੁਨਾਮ ਵਾਸੀਆਂ ਨੂੰ ਸਿਹਤ ਸਹੂਲਤਾਂ ਦਾ ਵੱਡਾ ਤੋਹਫਾ/ 14 ਕਰੋੜ ਨਾਲ ਬਣੇਗਾ ਮਦਰ ਚਾਈਲਡ ਹਸਪਤਾਲ/ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਰੱਖਿਆ ਨੀਂਹ ਪੱਥਰ

0
3

 

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਸੁਨਾਮ ਵਿਖੇ ਸਾਢੇ 14 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ‘ਮਦਰ ਚਾਈਲਡ ਹਸਪਤਾਲ’ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਹਸਪਤਾਲ ਸੁਨਾਮ ਦੇ ਲੋਕਾਂ ਲਈ ਇੱਕ ਵੱਡੀ ਸੌਗਾਤ ਸਾਬਤ ਹੋਵੇਗਾ। ਇਹ ਹਸਪਤਾਲ ਵਰਲਡ ਕਲਾਸ ਸਹੂਲਤਾਂ ਨਾਲ ਲੈਸ ਹੋਵੇਗਾ, ਜਿੱਥੇ ਮਾਵਾਂ ਅਤੇ ਬੱਚਿਆਂ ਦੇ ਇਲਾਜ ਲਈ ਹਰ ਤਰ੍ਹਾਂ ਦੇ ਆਧੁਨਿਕ ਪ੍ਰਬੰਧ ਹੋਣਗੇ ਅਤੇ ਇਹ ਹਸਪਤਾਲ ਜੱਚਾ-ਬੱਚਾ ਦੀ ਸਿਹਤ ਸੰਭਾਲ ਲਈ ਹਰ ਪੱਖੋਂ ਸਮਰੱਥ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਸੁਨਾਮ ਹਲਕੇ ਨੂੰ, ਜੋ ਕਿ ਸ਼ਹੀਦ ਊਧਮ ਸਿੰਘ ਜੀ ਦਾ ਸ਼ਹਿਰ ਹੈ, ਹਰ ਤਰ੍ਹਾਂ ਦੀਆਂ ਬਿਹਤਰ ਸਿਹਤ ਸਹੂਲਤਾਂ ਦੇਣਾ ਉਨ੍ਹਾਂ ਦੀ ਮੁੱਖ ਮੰਨਸ਼ਾ ਰਹੀ ਹੈ। ਸੁਨਾਮ ਸਿਵਲ ਹਸਪਤਾਲ ਦੇ ਅੰਦਰ ਇਹ ਪੰਜਵਾਂ ਵੱਡਾ ਪ੍ਰੋਜੈਕਟ ਹੈ। ਇਸ ਤੋਂ ਪਹਿਲਾਂ ਇੱਥੇ ਨੌਂ ਕਮਰਿਆਂ ਦਾ ਓ.ਪੀ.ਡੀ. ਬਲਾਕ, ਇੱਕ ਵੱਡਾ ਡਰੱਗ ਵੇਅਰਹਾਊਸ (ਜਿੱਥੋਂ ਚਾਰ-ਪੰਜ ਜ਼ਿਲ੍ਹਿਆਂ ਨੂੰ ਦਵਾਈਆਂ ਸਪਲਾਈ ਹੁੰਦੀਆਂ ਹਨ), ਟਰਾਮਾ ਸੈਂਟਰ, ਅਤੇ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਮੁਤਾਬਕ ਬਲੱਡ ਬੈਂਕ ਬਣ ਕੇ ਤਿਆਰ ਹੋ ਚੁੱਕਾ ਹੈ।
ਹੁਣ ਤੱਕ ਇਕੱਲੇ ਸੁਨਾਮ ਸਿਵਲ ਹਸਪਤਾਲ ‘ਤੇ ਲਗਭਗ ਸਾਢੇ ਪੱਚੀ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਚੀਮਾ ਹਸਪਤਾਲ ਲਈ 14 ਕਰੋੜ, ਲੌਂਗੋਵਾਲ ਹਸਪਤਾਲ ਲਈ ਸਾਢੇ ਗਿਆਰਾਂ ਕਰੋੜ, ਹਲਕੇ ਵਿੱਚ 8 ਆਮ ਆਦਮੀ ਕਲੀਨਿਕ ਅਤੇ 12 ਹੈਲਥ ਐਂਡ ਵੈਲਨੈਸ ਸੈਂਟਰਾਂ ਸਣੇ ਕੁੱਲ 57 ਕਰੋੜ ਰੁਪਏ ਸਿਰਫ਼ ਸਿਹਤ ਸਹੂਲਤਾਂ ‘ਤੇ ਖਰਚ ਕੀਤੇ ਗਏ ਹਨ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਇਲਾਜ ਲਈ ਚੰਡੀਗੜ੍ਹ ਜਾਂ ਲੁਧਿਆਣਾ ਨਾ ਜਾਣਾ ਪਵੇ।
ਮੈਡੀਕਲ ਕਾਲਜ ਬਾਰੇ ਸਿਆਸੀ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ ਇਸ ਦੀ ਨਿਗਰਾਨੀ ਕਰ ਰਹੇ ਹਨ ਅਤੇ ਜਲਦ ਹੀ ਇਸ ਵਿੱਚ ਵੀ ਪ੍ਰਗਤੀ ਦੇਖਣ ਨੂੰ ਮਿਲੇਗੀ। ਵਿਰੋਧੀ ਪਾਰਟੀਆਂ ਅਤੇ ਚੋਣਾਂ ਬਾਰੇ ਬੋਲਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਚੋਣਾਂ ਲਈ ਤਿਆਰ ਹੈ ਕਿਉਂਕਿ ਉਹ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਜਾਂ ਜੁਮਲੇ ਨਹੀਂ ਛੱਡਦੇ, ਬਲਕਿ ਜ਼ਮੀਨੀ ਪੱਧਰ ‘ਤੇ ਕੰਮ ਕਰਦੇ ਹਨ।

LEAVE A REPLY

Please enter your comment!
Please enter your name here