ਪੰਜਾਬ ਮੋਗਾ ਦੇ ਟ੍ਰੈਫਿਕ ਮੁਲਜ਼ਮ ਗੁਰਭੇਜ ਸਿੰਘ ਦਾ ਨੇਕ ਉਪਰਾਲਾ/ ਗੀਤਾਂ ਰਾਹੀਂ ਦੇ ਰਿਹਾ ਨਿਯਮਾਂ ਦੀ ਪਾਲਣਾਂ ਦਾ ਸੰਦੇਸ਼/ 295 ਦੀ ਤਰਜ਼ ’ਤੇ ਤਿਆਰ ਕੀਤਾ ਟ੍ਰੈਫਿਕ ਜਾਗਰੂਕਤਾ ਗੀਤ By admin - June 19, 2026 0 3 Facebook Twitter Pinterest WhatsApp ਮੋਗਾ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਨਵੇਂ ਅਤੇ ਪ੍ਰਭਾਵਸ਼ਾਲੀ ਤਰੀਕੇ ਅਪਣਾਏ ਜਾ ਰਹੇ ਹਨ। ਇਸੇ ਤਹਿਤ ਮੋਗਾ ਦੇ ਟ੍ਰੈਫਿਕ ਮੁਲਾਜ਼ਮ ਗੁਰਭੇਜ ਸਿੰਘ ਵੱਲੋਂ ਗੀਤਾਂ ਰਾਹੀਂ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਗੁਰਭੇਜ ਸਿੰਘ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਸ਼ਹੂਰ ਗੀਤ 295 ਦੀ ਤਰਜ਼ ’ਤੇ ਟ੍ਰੈਫਿਕ ਜਾਗਰੂਕਤਾ ਗੀਤ ਤਿਆਰ ਕੀਤਾ ਹੈ। ਇਸ ਗੀਤ ਰਾਹੀਂ ਉਹ ਲੋਕਾਂ ਨੂੰ ਹੈਲਮੈਟ ਪਹਿਨਣ, ਸੀਟ ਬੈਲਟ ਲਗਾਉਣ, ਨਸ਼ੇ ਦੀ ਹਾਲਤ ਵਿੱਚ ਵਾਹਨ ਨਾ ਚਲਾਉਣ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਦਾ ਇਹ ਵਿਲੱਖਣ ਅੰਦਾਜ਼ ਨਾ ਸਿਰਫ਼ ਮੋਗਾ ਵਾਸੀਆਂ ਨੂੰ ਪਸੰਦ ਆ ਰਿਹਾ ਹੈ, ਸਗੋਂ ਨੌਜਵਾਨਾਂ ਅਤੇ ਸਕੂਲੀ ਬੱਚਿਆਂ ਵਿੱਚ ਵੀ ਕਾਫ਼ੀ ਹਰਮਨ-ਪਿਆਰਾ ਹੋ ਰਿਹਾ ਹੈ। ਗੱਲਬਾਤ ਦੌਰਾਨ ਗੁਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਰਿਹਾ ਹੈ। ਉਹ ਸਾਲ 2011 ਤੋਂ ਮੋਗਾ ਟ੍ਰੈਫਿਕ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵਧ ਰਹੀ ਟ੍ਰੈਫਿਕ ਸਮੱਸਿਆ ਅਤੇ ਲੋਕਾਂ ਵਿੱਚ ਨਿਯਮਾਂ ਪ੍ਰਤੀ ਜਾਗਰੂਕਤਾ ਦੀ ਕਮੀ ਨੂੰ ਦੇਖਦਿਆਂ ਉਨ੍ਹਾਂ ਦੇ ਮਨ ਵਿੱਚ ਗੀਤਾਂ ਰਾਹੀਂ ਸੰਦੇਸ਼ ਦੇਣ ਦਾ ਵਿਚਾਰ ਆਇਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਟ੍ਰੈਫਿਕ ਨਿਯਮਾਂ ’ਤੇ ਪਹਿਲਾ ਗੀਤ ਗਾਇਆ ਤਾਂ ਲੋਕਾਂ ਵੱਲੋਂ ਉਸ ਨੂੰ ਭਰਪੂਰ ਹੁੰਗਾਰਾ ਮਿਲਿਆ। ਖਾਸ ਕਰਕੇ ਨੌਜਵਾਨਾਂ ਅਤੇ ਬੱਚਿਆਂ ਨੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ। ਉਨ੍ਹਾਂ ਦੇ ਇਸ ਉਪਰਾਲੇ ਨੂੰ ਦੇਖਦਿਆਂ ਏਡੀਜੀਪੀ ਟ੍ਰੈਫਿਕ ਅਮਰਜੀਤ ਸਿੰਘ ਰਾਏ ਵੱਲੋਂ ਉਨ੍ਹਾਂ ਨੂੰ ਡੀਜੀ ਡਿਸਕ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਐਸਐਸਪੀ ਮੋਗਾ ਸਰਤਾਜ ਸਿੰਘ ਚਾਹਲ ਵੱਲੋਂ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਟ੍ਰੈਫਿਕ ਜਾਗਰੂਕਤਾ ਤੋਂ ਇਲਾਵਾ ਗੁਰਭੇਜ ਸਿੰਘ ਸਮਾਜਿਕ ਬੁਰਾਈਆਂ ਖ਼ਿਲਾਫ਼ ਵੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਗੀਤ ਤਿਆਰ ਕੀਤਾ ਹੈ ਤਾਂ ਜੋ ਨੌਜਵਾਨ ਪੀੜੀ ਨੂੰ ਇਸ ਬੁਰਾਈ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਚਾਈਨਾ ਡੋਰ ਕਾਰਨ ਹੋ ਰਹੇ ਹਾਦਸਿਆਂ ਨੂੰ ਦੇਖਦਿਆਂ ਉਨ੍ਹਾਂ ਨੇ ਲੋਕਾਂ ਨੂੰ ਇਸ ਦੇ ਨੁਕਸਾਨਾਂ ਬਾਰੇ ਵੀ ਗੀਤਾਂ ਰਾਹੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੁਰਭੇਜ ਸਿੰਘ ਦਾ ਮੰਨਣਾ ਹੈ ਕਿ ਜੇਕਰ ਲੋਕਾਂ ਤੱਕ ਸੰਦੇਸ਼ ਉਨ੍ਹਾਂ ਦੀ ਮਨਪਸੰਦ ਭਾਸ਼ਾ ਅਤੇ ਅੰਦਾਜ਼ ਵਿੱਚ ਪਹੁੰਚਾਇਆ ਜਾਵੇ ਤਾਂ ਉਸ ਦਾ ਪ੍ਰਭਾਵ ਕਈ ਗੁਣਾ ਵੱਧ ਜਾਂਦਾ ਹੈ। ਉਨ੍ਹਾਂ ਦੀ ਇਹ ਪਹਿਲ ਅੱਜ ਮੋਗਾ ਵਿੱਚ ਟ੍ਰੈਫਿਕ ਜਾਗਰੂਕਤਾ ਦੀ ਇੱਕ ਨਵੀਂ ਮਿਸਾਲ ਬਣ ਰਹੀ ਹੈ। ਉੱਧਰ ਪੀਸੀਆਰ ਇੰਚਾਰਜ ਖੇਮ ਨੇ ਦੱਸਿਆ ਕਿ ਮੋਗਾ ਪੁਲਿਸ ਵੱਲੋਂ ਨਸ਼ਿਆਂ, ਚੋਰੀਆਂ ਅਤੇ ਲੁੱਟਾਂ-ਖੋਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਸਕੂਲਾਂ ਅਤੇ ਹੋਰ ਸੰਸਥਾਵਾਂ ਵਿੱਚ ਸੈਮੀਨਾਰ ਲਗਾ ਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਟ੍ਰੈਫਿਕ ਪੁਲਿਸ ਵੱਲੋਂ ਨਵੇਂ ਅਤੇ ਰਚਨਾਤਮਕ ਤਰੀਕਿਆਂ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਗੁਰਭੇਜ ਸਿੰਘ ਵੱਲੋਂ ਗੀਤਾਂ ਰਾਹੀਂ ਚਲਾਈ ਜਾ ਰਹੀ ਇਹ ਮੁਹਿੰਮ ਨੌਜਵਾਨਾਂ ਅਤੇ ਬੱਚਿਆਂ ਵਿੱਚ ਖਾਸੀ ਲੋਕਪ੍ਰਿਯ ਹੋ ਰਹੀ ਹੈ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਨੇ ਗੁਰਭੇਜ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਅਤੇ ਸਮਾਜ ਲਈ ਇੱਕ ਸਕਾਰਾਤਮਕ ਪਹਿਲ ਕਰਾਰ ਦਿੱਤਾ।