ਪੰਜਾਬ ਮੋਗਾ ’ਚ ਕੱਪੜਿਆਂ ਦੇ ਸ਼ੋਅਰੂਮ ਚ ਭਿਆਨਕ ਅੱਗ/ ਤੜਕੇ ਲੱਗੀ ਅੱਗ ਨਾਲ ਲੱਖਾਂ ਦਾ ਹੋਇਆ ਨੁਕਸਾਨ/ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਦ ਪਾਇਆ ਕਾਬੂ By admin - June 17, 2026 0 2 Facebook Twitter Pinterest WhatsApp ਮੋਗਾ ਦੇ ਪ੍ਰਤਾਪ ਰੋਡ ਸਥਿਤ ਇੱਕ ਕੱਪੜਿਆਂ ਦੇ ਸ਼ੋਅਰੂਮ ਵਿੱਚ ਅੱਜ ਤੜਕੇ ਭਿਆਨਕ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਚਾਰ ਤੋਂ ਪੰਜ ਗੱਡੀਆਂ ਨੂੰ ਕਈ ਘੰਟਿਆਂ ਤੱਕ ਜੱਦੋ-ਜਹਿਦ ਕਰਨੀ ਪਈ। ਮੁੱਢਲੀ ਜਾਂਚ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 5 ਵਜੇ ਪ੍ਰਤਾਪ ਰੋਡ ‘ਤੇ ਸਥਿਤ ਇੱਕ ਕੱਪੜਿਆਂ ਦੇ ਸ਼ੋਅਰੂਮ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਇਸ ਦੀ ਸੂਚਨਾ ਤੁਰੰਤ ਦੁਕਾਨ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਟੀਮਾਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਦੁਕਾਨ ਮਾਲਕ ਨਿਤਿਨ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਦੁਕਾਨ ਦੀ ਛੱਤ ਵਿੱਚੋਂ ਲਗਾਤਾਰ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤਾਂ ਉਸ ਸਮੇਂ ਧੂੰਆਂ ਹੀ ਦਿਖਾਈ ਦੇ ਰਿਹਾ ਸੀ, ਪਰ ਅੰਦਰ ਅੱਗ ਦਾ ਸਹੀ ਅੰਦਾਜ਼ਾ ਨਾ ਲੱਗਣ ਕਾਰਨ ਅੱਗ ਹੋਰ ਫੈਲ ਗਈ, ਜਿਸ ਨਾਲ ਉਨ੍ਹਾਂ ਦਾ ਕਾਫ਼ੀ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉੱਥੇ ਹੀ ਫਾਇਰ ਬ੍ਰਿਗੇਡ ਕਰਮਚਾਰੀ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 5:30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚਣ ‘ਤੇ ਦੁਕਾਨ ਦੇ ਅੰਦਰ ਬਹੁਤ ਜ਼ਿਆਦਾ ਧੂੰਆਂ ਫੈਲਿਆ ਹੋਇਆ ਸੀ ਅਤੇ ਵਿਜ਼ੀਬਿਲਟੀ ਬਹੁਤ ਘੱਟ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਮਾਲਕ ਨਾਲ ਗੱਲਬਾਤ ਕਰਕੇ ਸ਼ੋਅਰੂਮ ਦਾ ਸ਼ੀਸ਼ਾ ਤੋੜਿਆ ਗਿਆ, ਜਿਸ ਤੋਂ ਬਾਅਦ ਧੂੰਆਂ ਘੱਟ ਹੋਇਆ ਅਤੇ ਅੱਗ ‘ਤੇ ਕਾਬੂ ਪਾਉਣ ਲਈ ਕਾਰਵਾਈ ਕੀਤੀ ਗਈ। ਉਨ੍ਹਾਂ ਵੀ ਅੱਗ ਦਾ ਕਾਰਨ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਜਤਾਈ। ਫਾਇਰ ਬ੍ਰਿਗੇਡ ਅਫ਼ਸਰ ਅਰਵਿੰਦਰ ਸਿੰਘ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਸਨ। ਉਨ੍ਹਾਂ ਦੱਸਿਆ ਕਿ ਅੰਦਰ ਧੂੰਆਂ ਬਹੁਤ ਜ਼ਿਆਦਾ ਹੋਣ ਕਾਰਨ ਅੱਗ ਤੱਕ ਪਹੁੰਚਣਾ ਮੁਸ਼ਕਲ ਸੀ। ਦੁਕਾਨਦਾਰ ਦੀ ਸਹਿਮਤੀ ਨਾਲ ਸ਼ੋਅਰੂਮ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਣਾ ਪਿਆ। ਉਨ੍ਹਾਂ ਕਿਹਾ ਕਿ ਅੱਗ ਕਾਫ਼ੀ ਫੈਲ ਚੁੱਕੀ ਸੀ ਅਤੇ ਇਸ ‘ਤੇ ਕਾਬੂ ਪਾਉਣ ਲਈ ਕਰਮਚਾਰੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸ਼ੋਅਰੂਮ ਦੇ ਅੰਦਰ ਪਿਆ ਕੀਮਤੀ ਸਾਮਾਨ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।