ਕੀਰਤਪੁਰ-ਮਨਾਲੀ ਨੈਸ਼ਨਲ ਹਾਈਵੇ ਤੇ ਖਾਲਸਾ ਟੈਕਸ/ ਨਿਹੰਗ ਜਥੇਬੰਦੀਆਂ ਨੇ ਜਵਾਬੀ ਮੁਹਿੰਮ ਕੀਤੀ ਸ਼ੁਰੂ/ ਐਂਟਰੀ ਟੈਕਸ ਖਿਲਾਫ਼ ਦਿੱਤਾ ਸੰਕੇਤਕ ਸੁਨੇਹਾ

0
2

 

ਹਿਮਾਚਲ ਸਰਕਾਰ ਵੱਲੋਂ ਲਾਏ ਐਂਟਰੀ ਟੈਕਸ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਵੱਖ ਵੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦਰਮਿਆਨ ਨਿਹੰਗ ਜਥੇਬੰਦੀਆਂ ਨੇ ਵੀ ਸੰਘਰਸ਼ ਵਿਚ ਐਂਟਰੀ ਕਰ ਦਿੱਤੀ ਹੈ। ਨਿਹੰਗ ਜਥੇਬੰਦੀਆਂ ਨੇ ਕੀਰਤਪੁਰ-ਮਨਾਲੀ ਨੈਸ਼ਨਲ ਹਾਈਵੇ ’ਤੇ ਖਾਲਸਾ ਟੈਕਸ ਮੁਹਿੰਮ ਸ਼ੁਰੂ ਕਰ ਦਿੱਤੀ ਹੈ।  ਗਰਾਂ ਮੋੜਾ ਟੋਲ ਪਲਾਜ਼ਾ ਨੇੜੇ ਬਾਬਾ ਅੱਛਰ ਸਿੰਘ ਮਹਾਕਾਲ ਦੀ ਅਗਵਾਈ ਹੇਠ ਇਹ ਪ੍ਰਤੀਕਾਤਮਕ ਕਾਰਵਾਈ ਕੀਤੀ ਗਈ। ਨਿਹੰਗ ਸਿੰਘਾਂ ਦਾ ਕਹਿਣਾਹੈ ਕਿ  ਜੇਕਰ ਹਿਮਾਚਲ ਸਰਕਾਰ ਇਹ ਟੈਕਸ ਵਾਪਸ ਨਹੀਂ ਲੈਂਦੀ ਤਾਂ ਹਿਮਾਚਲ ਤੋਂ ਪੰਜਾਬ ਆਉਣ ਵਾਲੇ ਵਾਹਨਾਂ ਲਈ ‘ਖਾਲਸਾ ਟੈਕਸ’ ਦੀਆਂ ਪਰਚੀਆਂ ਕੱਟੀਆਂ ਜਾਣਗੀਆਂ।
ਦੱਸਣਯੋਗ ਹੈ ਕਿ  1 ਜੂਨ ਨੂੰ ਕਿਸਾਨ ਜਥੇਬੰਦੀਆਂ, ਟੈਕਸੀ ਯੂਨੀਅਨਾਂ, ਸਰਹੱਦੀ ਇਲਾਕਿਆਂ ਦੇ ਵਸਨੀਕਾਂ ਅਤੇ ਨਿਹੰਗ ਜਥੇਬੰਦੀਆਂ ਵੱਲੋਂ ਹਿਮਾਚਲ ਦੇ ਐਂਟਰੀ ਟੈਕਸਾਂ ਦੇ ਵਿਰੋਧ ਵਿੱਚ ਚਾਰ ਘੰਟਿਆਂ ਲਈ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਸ ਮੌਕੇ ਨਿਹੰਗ ਜਥੇਬੰਦੀਆਂ ਨੇ ਖਾਲਸਾ ਟੈਕਸ ਲਾਉਣ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਇਹ ਕਾਰਵਾਈ ਆਰੰਭੀ ਗਈ ਹੈ। ਇਸੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਨਿਹੰਗ ਜਥੇਬੰਦੀਆਂ ਵੱਲੋਂ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਲਈ ਪਰਚੀਆਂ ਜਾਰੀ ਕੀਤੀਆਂ ਗਈਆਂ। ਹਾਲਾਂਕਿ ਕੋਈ ਨਿਸ਼ਚਿਤ ਰਕਮ ਤੈਅ ਨਹੀਂ ਕੀਤੀ ਗਈ ਸੀ ਅਤੇ ਵਾਹਨ ਚਾਲਕਾਂ ਦੀ ਇੱਛਾ ਅਨੁਸਾਰ 10, 20, 50 ਜਾਂ 100 ਰੁਪਏ ਦਾ ਯੋਗਦਾਨ ਲਿਆ ਗਿਆ। ਜਥੇਬੰਦੀਆਂ ਦਾ ਕਹਿਣਾ ਹੈ ਕਿ ਇਕੱਠੀ ਕੀਤੀ ਰਕਮ ਸਰਬੱਤ ਦੇ ਭਲੇ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਵਰਤੀ ਜਾਵੇਗੀ।
ਇਸ ਦੌਰਾਨ ਥਾਣਾ ਮੁਖੀ ਰਾਹੁਲ ਸ਼ਰਮਾ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਮੌਕੇ ‘ਤੇ ਤੈਨਾਤ ਰਹੀ। ਪੁਲਿਸ ਪ੍ਰਸ਼ਾਸਨ ਵੱਲੋਂ ਨਿਹੰਗ ਸਿੰਘਾਂ ਨਾਲ ਗੱਲਬਾਤ ਕਰਕੇ ਕਾਨੂੰਨ-ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਅਤੇ ਸਥਿਤੀ ‘ਤੇ ਨਜ਼ਰ ਰੱਖੀ ਗਈ। ਬਾਬਾ ਅੱਛਰ ਸਿੰਘ ਮਹਾਕਾਲ ਨੇ ਕਿਹਾ ਕਿ ਇਹ ਧਰਨਾ ਅਤੇ ‘ਖਾਲਸਾ ਟੈਕਸ’ ਮੁਹਿੰਮ ਹਿਮਾਚਲ ਸਰਕਾਰ ਨੂੰ ਜਗਾਉਣ ਲਈ ਇੱਕ ਸੰਕੇਤਕ ਕਦਮ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਰਹੱਦੀ ਇਲਾਕਿਆਂ ਵਿੱਚ ਲਗਾਏ ਗਏ ਐਂਟਰੀ ਟੈਕਸ ਖਤਮ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

LEAVE A REPLY

Please enter your comment!
Please enter your name here