ਮੁਕਤਸਰ ਦੇ ਦੋ ਪਿੰਡਾਂ ਵਿਚਾਲੇ ਮੋਘੇ ਨੂੰ ਲੈ ਕੇ ਲੜਾਈ/ ਪਿੰਡ ਸ਼ਾਮਖੇੜਾ ਤੇ ਡੱਬਵਾਲੀ ਢਾਬ ਦੇ ਦੋ ਜਣੇ ਜ਼ਖਮੀ/ ਮੋਘੇ ਦੇ ਸਾਈਜ਼ ਨੂੰ ਲੈ ਕੇ ਹੋਇਆ ਸੀ ਤਕਰਾਰ

0
2

ਹਲਕਾ ਲੰਬੀ  ਦੇ ਪਿੰਡ ਸ਼ਾਮਖੇੜਾ ਅਤੇ ਡੱਬਵਾਲੀ ਢਾਬ ਦੇ ਕਿਸਾਨਾਂ ਵਿਚਕਾਰ ਨਹਿਰੀ ਪਾਣੀ ਦੇ ਮੋਘੇ ਨੂੰ ਲੈ ਕੇ ਹੋਇਆ ਵਿਵਾਦ ਹੁਣ ਖੂਨੀ ਟਕਰਾਅ ਵਿੱਚ ਬਦਲ ਗਿਆ ਹੈ। ਪਿਛਲੇ ਡੇਢ ਸਾਲ ਤੋਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਸ਼ਾਮਖੇੜਾ ਪਿੰਡ ਦੇ ਕਿਸਾਨਾਂ ‘ਤੇ ਦੂਜੀ ਧਿਰ ਵੱਲੋਂ ਕਥਿਤ ਤੌਰ ‘ਤੇ ਹਮਲਾ ਕਰਨ ਦੇ ਦੋਸ਼ ਹਨ। ਝਗੜੇ ਵਿਚ ਦੋਵੇਂ ਧਿਰਾਂ ਦਾ ਇਕ ਇਕ ਜਣਾ ਜ਼ਖਮੀ ਹੋਇਆ ਹੈ। ਪਿੰਡ ਸ਼ਾਮਖੇੜਾ ਦੇ ਕਿਸਾਨਾਂ ਨੇ ਨਹਿਰੀ ਮਹਿਕਮੇ ਉਤੇ ਦੂਜੀ ਧਿਰ ਨਾਲ ਮਿਲੀਭੁਗਤ ਕਰ ਕੇ ਮੋਘਾ ਡੇਢ ਫੁੱਟ ਉੱਚਾ ਕਰਨ ਦੇ ਇਲਜਾਮ ਲਾਏ ਹਨ, ਜਿਸ ਕਾਰਨ ਉਹਨਾਂ ਤਕ ਪਾਣੀ ਨਹੀਂ ਪਹੁੰਚ ਰਿਹਾ। ਦੋਵੇਂ ਧਿਰਾਂ ਨੇ ਇਕ-ਦੂਜੇ ਤੇ ਹਮਲੇ ਦੇ ਇਲਜਾਮ ਲਾਉਂਦਿਆਂ ਨਹਿਰੀ ਵਿਭਾਗ ਤੋਂ ਦਖਲ ਦੀ ਮੰਗ ਕੀਤੀ ਹੈ।
ਮਾਮਲਾ ਕਰਮਗੜ੍ਹ ਮਾਈਨਰ ਦੇ ਮੋਘਾ ਨੰਬਰ 52745 ਨਾਲ ਜੁੜਿਆ ਹੋਇਆ ਹੈ। ਪਿੰਡ ਸ਼ਾਮਖੇੜਾ ਦੇ ਕਿਸਾਨਾਂ ਦਾ ਦੋਸ਼ ਹੈ ਕਿ ਨਹਿਰੀ ਮਹਿਕਮੇ ਅਤੇ ਦੂਜੇ ਪਿੰਡ ਦੇ ਕੁਝ ਰਸੂਖਦਾਰ ਲੋਕਾਂ ਦੀ ਮਿਲੀਭਗਤ ਨਾਲ ਉਨ੍ਹਾਂ ਦਾ ਮੋਘਾ ਕਰੀਬ ਡੇਢ ਫੁੱਟ ਉੱਚਾ ਕਰ ਦਿੱਤਾ ਗਿਆ ਸੀ। ਇਸ ਕਾਰਨ ਪਿਛਲੇ ਡੇਢ ਸਾਲ ਤੋਂ ਉਨ੍ਹਾਂ ਦੇ ਖੇਤਾਂ ਤੱਕ ਪਾਣੀ ਦੀ ਇੱਕ ਬੂੰਦ ਵੀ ਨਹੀਂ ਪਹੁੰਚ ਰਹੀ, ਜਿਸ ਕਾਰਨ ਉਨ੍ਹਾਂ ਦੀਆਂ ਸੈਂਕੜੇ ਏਕੜ ਫਸਲਾਂ ਬਰਬਾਦ ਹੋਣ ਦੀ ਕੰਢ ‘ਤੇ ਹਨ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸੰਬੰਧੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਇਰੀਗੇਸ਼ਨ ਸੈਕਟਰੀ ਕ੍ਰਿਸ਼ਨ ਕੁਮਾਰ ਅਤੇ ਹੋਰ ਉੱਚ ਅਧਿਕਾਰੀਆਂ ਦੇ ਦਰਾਂ ‘ਤੇ ਕਈ ਚੱਕਰ ਕੱਟੇ। ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਨਹਿਰੀ ਵਿਭਾਗ ਦੇ ਜੇ.ਈ. ਅਤੇ ਐਸ.ਡੀ.ਓ. ਮੌਕੇ ‘ਤੇ ਆ ਕੇ ਮੋਘੇ ਦਾ ਹੱਲ ਕਰਨਗੇ। ਪਰ ਅੱਜ ਜਦੋਂ ਪਿੰਡ ਸ਼ਾਮਖੇੜਾ ਦੇ ਲੋਕ ਮੌਕੇ ‘ਤੇ ਪਹੁੰਚੇ, ਤਾਂ ਮਹਿਕਮੇ ਦੇ ਅਧਿਕਾਰੀਆਂ ਦੀ ਗੈਰ-ਹਾਜ਼ਰੀ ਵਿੱਚ ਦੂਜੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਉੱਤੇ ਇੱਟਾਂ-ਰੋੜਿਆਂ ਅਤੇ ਕਸੀਆਂ ਨਾਲ ਹਮਲਾ ਕਰ ਦਿੱਤਾ।
ਦੂਜੇ ਪਾਸੇ ਪਿੰਡ ਡਬਵਾਲੀ ਢਾਬ ਦੇ ਕਿਸਾਨਾਂ ਦਾ ਕਹਿਣਾ ਕਿ ਕਰਮਗੜ੍ਹ ਮਾਈਨਰ ਦੇ ਅਸੀਂ ਟੈਲਾਂ ਤੇ ਬੈਠੇ ਹਾਂ ਪਿਛਲੇ 15 ਸਾਲਾਂ ਤੋਂ ਸਾਡੇ ਪਾਣੀ ਨਹੀਂ ਜਾ ਰਿਹਾ ਸੀ ਹੁਣ ਮਹਿਕਮੇ ਨੇ ਸਹੀ ਮੋਗਾ ਲਾ ਦਿੱਤਾ ਪਿੰਡ ਸ਼ਾਮ ਖੇਡੇ  ਦੇ ਮੋਗਾ ਤੋਡ਼ਨ ਆਏ ਸੀ ਸਾਡੇ ਰੋਕਣ ਤੇ ਇਹਨਾਂ ਨੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਖੂਨੀ ਟਕਰਾਅ ਤੋਂ ਬਾਅਦ ਪਿੰਡ ਸ਼ਾਮਖੇੜਾ ਦੇ ਸਮੂਹ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮੋਘੇ ਦਾ ਸਾਈਜ਼ ਦੁਬਾਰਾ ਸਹੀ ਕਰਕੇ ਪਾਣੀ ਨੂੰ ਡਿਵਾਈਡ ਕੀਤਾ ਜਾਵੇ ਤਾਂ ਜੋ ਦੋਵਾਂ ਪਿੰਡਾਂ ਨੂੰ ਉਨ੍ਹਾਂ ਦੇ ਹੱਕ ਦਾ ਪਾਣੀ ਮਿਲ ਸਕੇ ਅਤੇ ਅਜਿਹੇ ਝਗੜੇ ਹਮੇਸ਼ਾ ਲਈ ਖ਼ਤਮ ਹੋਣ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ।

LEAVE A REPLY

Please enter your comment!
Please enter your name here