ਕੋਟਕਪੂਰਾ ’ਚ ਦੁਕਾਨਦਾਰਾਂ ਦੇ ਝਗੜੇ ਦੌਰਾਨ ਫਾਇਰਿੰਗ/ ਗੰਨ ਹਾਊਸ ਮਾਲਕ ’ਤੇ ਲੱਗੇ ਗੋਲੀਆਂ ਚਲਾਉਣ ਦੇ ਇਲਜ਼ਾਮ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ

0
2

ਕੋਟਕਪੂਰਾ ਦੇ ਜੈਤੋ ਰੋਡ ‘ਤੇ ਸਥਿਤ ਦੋ ਦੁਕਾਨਦਾਰਾਂ ਵਿਚਕਾਰ ਦੁਕਾਨ ਅੱਗੇ ਟਾਇਲਾਂ ਲਗਾਉਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਾਇਕਲਾਂ ਦੀ ਦੁਕਾਨ ਕਰਦੇ ਸੰਜੇ ਕੁਮਾਰ ਨੇ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਗੁਆਢੀ ਦੁਕਾਨਦਾਰ ਉਤੇ ਟਾਈਲਾਂ ਲਗਾਉਣ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਗੋਲੀਆਂ ਚਲਾਉਣ ਦੇ ਇਲਜ਼ਾਮ ਲਾਏ ਹਨ। ਪੁਲਿਸ ਨੇ ਦੁਕਾਨਦਾਰ ਦੀ ਸ਼ਿਕਾਇਤ ਉਤੇ ਗੰਨ ਹਾਊਸ ਦੇ ਮਾਲਕ ਗੁਰਬਚਨ ਸਿੰਘ ਟੋਨੀ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੰਜੇ ਕੁਮਾਰ ਨੇ ਦੱਸਿਆ ਕਿ ਉਸਦੀ ਜੈਤੋ ਰੋਡ ‘ਤੇ ਸਾਈਕਲਾਂ ਦੀ ਦੁਕਾਨ ਹੈ, ਜਿਸ ਦੇ ਨਾਲ ਗੁਰਬਚਨ ਸਿੰਘ ਟੋਨੀ ਦਾ ਗੰਨ ਹਾਊਸ ਸਥਿਤ ਹੈ। ਸ਼ਿਕਾਇਤ ਮੁਤਾਬਕ ਗੁਰਬਚਨ ਸਿੰਘ ਆਪਣੀ ਦੁਕਾਨ ਦੇ ਅੱਗੇ ਟਾਇਲਾਂ ਲਗਵਾ ਰਿਹਾ ਸੀ ਅਤੇ ਇਸ ਦੌਰਾਨ ਉਸ ਨੇ ਸੰਜੇ ਕੁਮਾਰ ਦੀ ਦੁਕਾਨ ਦੇ ਸਾਹਮਣੇ ਕਰੀਬ ਛੇ ਇੰਚ ਜਗ੍ਹਾ ਵਿੱਚ ਵੀ ਟਾਇਲਾਂ ਲਗਾਉਣ ਦੀ ਕੋਸ਼ਿਸ਼ ਕੀਤੀ। ਸੰਜੇ ਕੁਮਾਰ ਅਤੇ ਉਸਦੇ ਪੁੱਤਰ ਮਾਧਵ ਵੱਲੋਂ ਇਸ ਦਾ ਵਿਰੋਧ ਕਰਨ ‘ਤੇ ਦੋਵਾਂ ਧਿਰਾਂ ਵਿਚਕਾਰ ਤਕਰਾਰ ਹੋ ਗਈ। ਦੋਸ਼ ਹੈ ਕਿ ਇਸ ਦੌਰਾਨ ਗੁਰਬਚਨ ਸਿੰਘ ਨੇ ਗੁੱਸੇ ਵਿੱਚ ਆ ਕੇ ਹਥਿਆਰ ਕੱਢਿਆ ਅਤੇ ਫਾਇਰ ਕਰ ਦਿੱਤਾ। ਗੋਲੀ ਉਸਦੀ ਦੁਕਾਨ ਦੇ ਬਾਹਰ ਬਣੀ ਥੜੀ ਵਿੱਚ ਲੱਗੀ ਅਤੇ ਉਹ ਵਾਲ ਵਾਲ ਬਚ ਗਏ। ਘਟਨਾ ਤੋਂ ਬਾਅਦ ਸੰਜੇ ਕੁਮਾਰ ਅਤੇ ਉਸਦਾ ਪੁੱਤਰ ਮਾਧਵ ਡਰ ਕਰ ਆਪਣੀ ਦੁਕਾਨ ਅੰਦਰ ਚਲੇ ਗਏ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਮੁਲਜ਼ਮ ਵੱਲੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਾਧਵ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿਰਫ਼ ਆਪਣੀ ਦੁਕਾਨ ਅੱਗੇ ਦੀ ਜਗ੍ਹਾ ਬਚਾਉਣ ਲਈ ਇਤਰਾਜ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵਿਵਾਦ ਵਧ ਗਿਆ। ਉਸ ਨੇ ਕਿਹਾ ਕਿ ਫਾਇਰਿੰਗ ਦੀ ਘਟਨਾ ਕਾਰਨ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਉਹ ਇਨਸਾਫ਼ ਦੀ ਮੰਗ ਕਰਦੇ ਹਨ। ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਘਟਨਾ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੂਤਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here