ਸੰਗਰੂਰ ਤੋਂ ਲਾਪਤਾ ਪੀਆਰਟੀਸੀ ਕੰਡਕਟਰ ਦੀ ਲਾਸ਼ ਬਰਾਮਦ/ ਖੁਦਕੁਸ਼ੀ ਨੋਟ ’ਚ ਸਾਥੀ ਡਰਾਈਵਰ ਤੇ ਲਾਏ ਸੀ ਗੰਭੀਰ ਇਜ਼ਲਾਮ/ ਭਾਖੜਾ ਨਹਿਰ ’ਚੋਂ ਲਾਸ਼ ਮਿਲਣ ਬਾਅਦ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
64

ਸੰਗਰੂਰ ਨਾਲ ਸਬੰਧਤ ਪੀਆਰਟੀਸੀ ਕੰਡਕਟਰ ਦੀ ਲਾਸ਼ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ ਐ। ਸੰਗਰੂਰ ਦੇ ਲਹਿਰਾਗਾਗਾ ਨੇੜਲੇ ਪਿੰਡ ਜਲੂਰ ਵਾਸੀ ਨਿਰਮਲ ਸਿੰਘ ਬੀਤੀ 16 ਮਈ ਨੂੰ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ ਸੀ। ਬਾਅਦ ਵਿਚ ਉਸ ਦਾ ਖੁਦਕੁਸ਼ੀ ਨੋਟ ਬਰਾਮਦ ਹੋਇਆ ਸੀ, ਜਿਸ ਵਿਚ ਉਸ ਨੇ ਸਾਥੀ ਡਰਾਈਵਰ ਤੇ ਉਸਦੀ ਪਤਨੀ ਤੋਂ ਤੰਗ ਆ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਖੁਲਾਸਾ ਕੀਤਾ ਸੀ। ਬੀਤੀ ਦੇਰ ਸ਼ਾਮ ਨਿਰਮਲ ਸਿੰਘ ਦੀ ਲਾਸ਼ ਭਾਖੜਾ ਨਹਿਰ ਵਿਚੋਂ ਬਰਾਮਦ ਹੋ ਗਈ ਐ। ਪੁਲਿਸ ਨੇ ਲਾਸ਼ ਪੋਸਟ ਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਐ। ਪੁਲਿਸ ਨੇ ਦੋ ਜਣਿਆਂ ਖਿਲਾਫ ਮਾਮਲਾ ਦਰਜ ਕਰ ਕੇ ਇਕ ਨੂੰ ਗ੍ਰਿਫਤਾਰ ਕਰ ਲਿਆ ਐ ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਐ। ਜਾਣਕਾਰੀ ਅਨੁਸਾਰ ਲਹਿਰਾਗਾਗਾ ਨੇੜੇ ਪਿੰਡ ਜਲੂਰ ਦਾ ਰਹਿਣ ਵਾਲਾ ਨਿਰਮਲ ਸਿੰਘ ਪਿਛਲੇ 10-11 ਸਾਲਾਂ ਤੋਂ ਆਊਟਸੋਰਸਿੰਗ ਰਾਹੀਂ ਪੀਆਰਟੀਸੀ ਵਿੱਚ ਕੰਡਕਟਰ ਵਜੋਂ ਕੰਮ ਕਰ ਰਿਹਾ ਸੀ। ਉਹ ਬੀਤੀ  16 ਮਈ ਤੋਂ ਲਾਪਤਾ ਸੀ ਅਤੇ ਉਸਦੀ ਲਾਸ਼ ਕੱਲ੍ਹ ਦੇਰ ਸ਼ਾਮ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ ਐ। ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨੇ ਦੱਸਿਆ ਕਿ ਉਹ 16 ਮਈ ਦੀ ਸ਼ਾਮ ਨੂੰ ਬਿਨਾਂ ਕਿਸੇ ਨੂੰ ਦੱਸੇ ਘਰੋਂ ਨਿਕਲ ਗਿਆ ਸੀ, ਪਰ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। 17 ਮਈ ਨੂੰ ਉਸਦੇ ਬੈਗ ਵਿੱਚੋਂ ਇੱਕ ਸੁਸਾਈਡ ਨੋਟ ਮਿਲਿਆ, ਜਿਸ ਵਿੱਚ ਲਿਖਿਆ ਸੀ ਕਿ ਪੀਆਰਟੀਸੀ ਵਿੱਚ ਕੰਮ ਕਰਨ ਵਾਲਾ ਉਸਦਾ ਸਾਥੀ ਡਰਾਈਵਰ ਪਿਛਲੇ ਕੁਝ ਦਿਨਾਂ ਤੋਂ ਉਸਨੂੰ ਤੰਗ ਕਰ ਰਿਹਾ ਸੀ। ਡਰਾਈਵਰ ਅਤੇ ਉਸਦੀ ਪਤਨੀ ਨੇ ਭੀੜ-ਭੜੱਕੇ ਵਾਲੀ ਬੱਸ ਵਿੱਚ ਉਸਨੂੰ ਬਹੁਤ ਬੁਰਾ-ਭਲਾ ਕਿਹਾ ਸੀ। ਉਸਨੇ ਪੈਸੇ ਲੈਣ ਬਾਰੇ ਡਰਾਈਵਰ ਨਾਲ ਗੱਲ ਵੀ ਨਹੀਂ ਕੀਤੀ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਸੁਸਾਈਡ ਨੋਟ ਵਿੱਚ ਲਿਖਿਆ ਸੀ ਕਿ ਮੈਂ ਖੁਦਕੁਸ਼ੀ ਕਰ ਰਿਹਾ ਹਾਂ ਕਿਉਂਕਿ ਮੈਂ ਪੀਆਰਟੀਸੀ ਡਰਾਈਵਰ ਭਗਵਾਨ ਸਿੰਘ ਵਾਸੀ ਪਿੰਡ ਛਾਜਲਾ ਅਤੇ ਉਸਦੀ ਪਤਨੀ ਤੋਂ ਤੰਗ ਆ ਚੁੱਕਾ ਹਾਂ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਲਹਿਰਾਗਾਗਾ ਥਾਣਾ ਮੁਖੀ ਰਣਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਖੁਦਕੁਸ਼ੀ ਨੋਟ ਦੇ ਆਧਾਰ ਤੇ ਦੋ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੂਜੇ ਦੀ ਭਾਲ ਜਾਰੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

LEAVE A REPLY

Please enter your comment!
Please enter your name here