ਮੋਗਾ ’ਚ 20 ਨੂੰ ਬੰਦ ਰਹਿਣਗੀਆਂ ਦਵਾਈਆਂ ਦੀਆਂ ਦੁਕਾਨਾਂ/ ਆਨਲਾਈਨ ਫਾਰਮੇਸੀ ਖ਼ਿਲਾਫ਼ ਕੈਮਿਸਟਾਂ ਦਾ ਵਿਰੋਧ/ ਬਿਨਾਂ ਪਰਚੀ ਦਵਾਈਆਂ ਵੇਚਣ ਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼

0
2

ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਵੱਲੋਂ 20 ਮਈ ਨੂੰ ਕੀਤੀ ਗਈ ਦੇਸ਼ਵਿਆਪੀ ਹੜਤਾਲ ਦੇ ਤਹਿਤ ਮੋਗਾ ਵਿੱਚ ਮੋਗਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਦੇ ਬੈਨਰ ਹੇਠ ਜ਼ਿਲ੍ਹੇ ਦੀਆਂ ਕਰੀਬ 800 ਹੋਲਸੇਲ ਅਤੇ ਰਿਟੇਲ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਸਬੰਧੀ ਫੈਸਲਾ ਪ੍ਰਤਾਪ ਰੋਡ ਸਥਿਤ ਹੋਟਲ ਵਿਖੇ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਲਿਆ ਗਿਆ। ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਹੜਤਾਲ ਦਾ ਮੁੱਖ ਕਾਰਨ ਆਨਲਾਈਨ ਫਾਰਮੇਸੀ ਕੰਪਨੀਆਂ ਵੱਲੋਂ ਬਿਨਾਂ ਪਰਚੀ ਦਵਾਈਆਂ ਦੀ ਸਪਲਾਈ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਕੋਵਿਡ ਸਮੇਂ ਸਰਕਾਰ ਵੱਲੋਂ ਆਨਲਾਈਨ ਦਵਾਈ ਸਪਲਾਈ ਦੀ ਆਗਿਆ ਦਿੱਤੀ ਗਈ ਸੀ, ਪਰ ਮਹਾਮਾਰੀ ਖ਼ਤਮ ਹੋਣ ਤੋਂ ਬਾਅਦ ਵੀ ਇਹ ਪ੍ਰਣਾਲੀ ਜਾਰੀ ਹੈ ਅਤੇ ਵੱਡੇ ਪੱਧਰ ’ਤੇ ਦਵਾਈਆਂ ਦੀ ਡਿਲਿਵਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਆਨਲਾਈਨ ਫਾਰਮੇਸੀਆਂ ਬਿਨਾਂ ਡਾਕਟਰੀ ਪਰਚੀ ਤੋਂ ਦਵਾਈਆਂ, ਇੱਥੋਂ ਤੱਕ ਕਿ ਨਸ਼ੇ ਵਿੱਚ ਵਰਤੀ ਜਾਣ ਵਾਲੀਆਂ ਦਵਾਈਆਂ ਵੀ ਵੇਚ ਰਹੀਆਂ ਹਨ। ਜਦਕਿ ਮੈਡੀਕਲ ਸਟੋਰ ਚਲਾਉਣ ਵਾਲਿਆਂ ਲਈ ਸਰਕਾਰ ਵੱਲੋਂ ਸਖਤ ਨਿਯਮ ਬਣਾਏ ਗਏ ਹਨ ਅਤੇ ਹਰ ਦਵਾਈ ਦਾ ਰਿਕਾਰਡ ਰੱਖਣਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਕੰਪਨੀਆਂ ਸਸਤੇ ਰੇਟਾਂ ਦਾ ਲਾਲਚ ਦੇ ਕੇ ਗਾਹਕਾਂ ਨੂੰ ਆਪਣੀ ਵੱਲ ਖਿੱਚਦੀਆਂ ਹਨ। ਕਈ ਵਾਰ ਘੱਟ ਕੀਮਤ ਦੇ ਚੱਕਰ ਵਿੱਚ ਲੋਕ ਘੱਟ ਗੁਣਵੱਤਾ ਵਾਲੀਆਂ ਜਾਂ ਲੋਕਲ ਕੰਪਨੀਆਂ ਦੀਆਂ ਦਵਾਈਆਂ ਖਰੀਦ ਲੈਂਦੇ ਹਨ, ਜਿਸ ਨਾਲ ਮਰੀਜ਼ ਦੀ ਸਿਹਤ ਨੂੰ ਖ਼ਤਰਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੋਗਾ ਦੇ ਕੈਮਿਸਟ 20 ਮਈ ਨੂੰ ਪੂਰੀ ਏਕਤਾ ਨਾਲ ਹੜਤਾਲ ਵਿੱਚ ਸ਼ਾਮਲ ਹੋਣਗੇ ਅਤੇ ਸਿਵਲ ਹਸਪਤਾਲ ਸਾਹਮਣੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਵੀ ਕਰਨਗੇ। ਹਾਲਾਂਕਿ ਐਮਰਜੈਂਸੀ ਸਥਿਤੀ ਵਿੱਚ ਲੋੜਵੰਦ ਮਰੀਜ਼ਾਂ ਨੂੰ ਦਵਾਈ ਸਪਲਾਈ ਕਰਨ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੈਮਿਸਟਾਂ ਦੀ ਮੁੱਖ ਮੰਗ ਇਹ ਹੈ ਕਿ ਆਨਲਾਈਨ ਫਾਰਮੇਸੀਆਂ ਵੱਲੋਂ ਐਥੀਕਲ ਅਤੇ ਨਿਯਮਾਂ ਅਧੀਨ ਆਉਣ ਵਾਲੀਆਂ ਦਵਾਈਆਂ ਦੀ ਵਿਕਰੀ ’ਤੇ ਸਖ਼ਤ ਪਾਬੰਦੀ ਲਗਾਈ ਜਾਵੇ ਅਤੇ ਸਰਕਾਰ ਇਸ ਮਾਮਲੇ ਵਿੱਚ ਜਲਦ ਕਾਰਵਾਈ ਕਰੇ।

LEAVE A REPLY

Please enter your comment!
Please enter your name here