Uncategorized ਨਹੀਂ ਰਹੇ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ/ ਮੋਹਾਲੀ ਦੇ ਹਸਪਤਾਲ ਅੰਦਰ ਲਿਆ ਆਖਰੀ ਸਾਹ/ ਸ਼ਾਮੀ ਪੰਜ ਵਜੇ ਹੋਇਆ ਦੇਹਾਂਤ, ਕੁੱਝ ਸਮੇਂ ਤੋਂ ਸਨ ਬੀਮਾਰ By admin - May 28, 2025 0 143 Facebook Twitter Pinterest WhatsApp ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ, ਜਿੱਥੇ ਅੱਜ 5 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਉਹ 89 ਸਾਲ ਦੇ ਸਨ। ਜੇਕਰ ਉਨ੍ਹਾਂ ਦੇ ਸਿਆਸੀ ਸਫਰ ਵੱਲ ਝਾਤ ਮਾਰੀਏ ਤਾਂ ਉਨ੍ਹਾਂ ਨੇ ਆਪਣੀ ਸਿਆਸੀ ਯਾਤਰਾ ਦੀ ਸ਼ੁਰੂਆਤ ਵਿਦਿਆਰਥੀ ਆਗੂ ਵਜੋਂ ਗਵਰਨਮੈਂਟ ਰਣਬੀਰ ਕਾਲਜ, ਸੰਗਰੂਰ ਤੋਂ ਕੀਤੀ ਸੀ। ਉਨ੍ਹਾਂ ਨੇ ਆਪਣੇ ਪਿੰਡ ਉਭਾਵਲ ਤੋਂ ਸਰਪੰਚ ਵਜੋਂ ਚੋਣ ਜਿੱਤ ਕੇ ਜ਼ਿਲ੍ਹਾ ਸੰਗਰੂਰ ਦੇ ਸਭ ਤੋਂ ਨੌਜਵਾਨ ਸਰਪੰਚ ਬਣਨ ਦਾ ਮਾਣ ਹਾਸਲ ਕੀਤਾ। ਉਨ੍ਹਾਂ ਨੇ 1972 ਵਿੱਚ ਧਨੌਲਾ ਵਿਧਾਨ ਸਭਾ ਹਲਕੇ ਤੋਂ ਸੁਤੰਤਰ ਉਮੀਦਵਾਰ ਵਜੋਂ ਚੋਣ ਜਿੱਤੀ ਅਤੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ 1998 ਤੋਂ 2004 ਅਤੇ 2010 ਤੋਂ 2022 ਤੱਕ ਰਾਜ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ 2004 ਤੋਂ 2009 ਤੱਕ ਸੰਗਰੂਰ ਤੋਂ ਲੋਕ ਸਭਾ ਮੈਂਬਰ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਨੇ ਤੀਜੇ ਵਾਜਪਈ ਮੰਤਰੀਮੰਡਲ ਵਿੱਚ ਖੇਡ, ਰਸਾਇਣ ਅਤੇ ਖਾਦ ਮੰਤਰੀ ਵਜੋਂ 2000 ਤੋਂ 2004 ਤੱਕ ਸੇਵਾ ਕੀਤੀ। ਸ. ਢੀਂਡਸਾ ਨੂੰ 2019 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਨੇ 2020 ਵਿੱਚ ਕਿਸਾਨ ਅੰਦੋਲਨ ਦੌਰਾਨ ਇਹ ਸਨਮਾਨ ਵਾਪਸ ਕਰ ਦਿੱਤਾ ਸੀ, ਜੋ ਉਨ੍ਹਾਂ ਦੀ ਕਿਸਾਨਾਂ ਪ੍ਰਤੀ ਸਮਰਪਿਤਤਾ ਨੂੰ ਦਰਸਾਉਂਦਾ ਹੈ। 2024 ਵਿੱਚ, ਸ. ਢੀਂਡਸਾ ਨੇ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਧਾਰਮਿਕ ਸਜ਼ਾ ਤਹਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਸੇਵਾ ਨਿਭਾਈ, ਜਿਸ ਵਿੱਚ ਉਨ੍ਹਾਂ ਨੇ ਗੁਰਬਾਣੀ ਸੁਣੀ, ਭੰਡਾਰੇ ਦੀ ਸੇਵਾ ਕੀਤੀ ਅਤੇ ਦਰਬਾਰ ਸਾਹਿਬ ਦੇ ਦਰਵਾਜ਼ੇ ‘ਤੇ ਪਹਿਰਾ ਦਿੱਤਾ। ਉਨ੍ਹਾਂ ਨੇ ਇਸ਼ਾਰਾ ਦਿੱਤਾ ਸੀ ਕਿ ਇਹ ਸੇਵਾ ਪੂਰੀ ਕਰਨ ਤੋਂ ਬਾਅਦ ਉਹ ਰਾਜਨੀਤੀ ਤੋਂ ਸਨਿਆਸ ਲੈ ਸਕਦੇ ਹਨ। ਸ. ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ ਨਾਲ ਪੰਜਾਬ ਨੇ ਇੱਕ ਵੱਡੀ ਸਿਆਸੀ ਆਗੂ ਗੁਆ ਦਿੱਤਾ ਹੈ। ਉਨ੍ਹਾਂ ਦੇ ਚਲਾਣੇ ਤੋਂ ਬਾਅਦ ਸਿਆਸੀ ਗਲਿਆਰਿਆ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਐ।