ਪੰਜਾਬ ਮੋਗਾ ’ਚ ਤੇਜ਼ ਮੀਂਹ ਹਨੇਰੀ ਤੇ ਤੂਫਾਨ ਦਾ ਕਹਿਰ/ ਕਾਰ ’ਤੇ ਡਿੱਗਿਆ ਰੁੱਖ, ਵੱਡਾ ਹਾਦਸਾ ਟਲਿਆ/ ਜਾਨੀ ਨੁਕਸਾਨ ਤੋਂ ਬਚਾਅ By admin - May 12, 2026 0 2 Facebook Twitter Pinterest WhatsApp ਮੋਗਾ ਸ਼ਹਿਰ ਅੱਜ ਅੱਜ ਤੜਕਸਾਰ ਆਏ ਤੇਜ਼ ਮੀਂਹ ਹਨੇਰੀ ਤੇ ਤੂਫਾਨ ਨੇ ਭਾਰੀ ਨੁਕਸਾਨ ਕੀਤਾ ਹੈ। ਇੱਥੇ ਕਈ ਪੁਰਾਣੇ ਰੁੱਖ ਡਿੱਗ ਪਏ, ਜਿਸ ਕਾਰਨ ਵਾਹਨਾਂ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਬਰਨਾਲਾ ਹਾਈਵੇ ਤੇ ਲੱਗਿਆ ਵੱਡਾ ਸਾਈਨ ਬੋਰਡ ਵੀ ਡਿੱਗ ਪਿਆ ਹੈ। ਇਸੇ ਤਰ੍ਹਾਂ ਮੋਗਾ-ਅੰਮ੍ਰਿਤਸਰ ਰੋਡ ਸਥਿਤ ਇੱਕ ਕੱਪੜਿਆਂ ਦੇ ਸ਼ੋਰੂਮ ਦੇ ਬਾਹਰ ਇੱਕ ਪੁਰਾਣੇ ਕਿੱਕਰ ਦਾ ਭਾਰੀ ਟਾਹਣਾ ਅਚਾਨਕ ਇੱਕ ਕਾਰ ਉੱਤੇ ਆ ਡਿੱਗਿਆ। ਇਸ ਕਾਰਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਕਈ ਇਲਾਕਿਆਂ ਅੰਦਰ ਵੀ ਦਰੱਖਤ ਤੇ ਖੰਭੇ ਡਿੱਗਣ ਨਾਲ ਨੁਕਸਾਨ ਦੀਆਂ ਖਬਰਾ ਹਨ। ਜਾਣਕਾਰੀ ਅਨੁਸਾਰ ਇਹ ਕਾਰ ਮੋਗਾ ਦੇ ਸਾਬਕਾ ਸਿਵਿਲ ਸਰਜਨ ਡਾਕਟਰ ਅਤਰੀ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਅਤਰੀ ਦੀ ਧਰਮ ਪਤਨੀ ਸ਼ੋਰੂਮ ਵਿੱਚ ਸੂਟ ਖਰੀਦਣ ਲਈ ਆਈ ਹੋਈ ਸੀ, ਜਦੋਂ ਇਹ ਘਟਨਾ ਵਾਪਰੀ। ਕਾਰ ਦਾ ਡਰਾਈਵਰ ਉਸ ਵੇਲੇ ਗੱਡੀ ਦੇ ਅੰਦਰ ਮੌਜੂਦ ਸੀ। ਅਚਾਨਕ ਦਰੱਖਤ ਦਾ ਵੱਡਾ ਟਾਹਣਾ ਡਿੱਗਣ ਕਾਰਨ ਹੜਕੰਪ ਮਚ ਗਿਆ। ਗਨੀਮਤ ਰਹੀ ਕਿ ਡਰਾਈਵਰ ਨੇ ਸਮੇਂ ਸਿਰ ਗੱਡੀ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ। ਹਾਲਾਂਕਿ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਕੁਝ ਸਮੇਂ ਲਈ ਅਫਰਾ-ਤਫਰੀ ਦਾ ਮਾਹੌਲ ਬਣਿਆ ਰਿਹਾ। ਚਸ਼ਮਦੀਦ ਗਵਾਹਾਂ ਅਤੇ ਦੁਕਾਨ ਮਾਲਕ ਰਮਦੀਪ ਸਿੰਘ ਨੇ ਦੱਸਿਆ ਕਿ ਤੂਫਾਨ ਇੰਨਾ ਤੇਜ਼ ਸੀ ਕਿ ਕੁਝ ਹੀ ਮਿੰਟਾਂ ਵਿੱਚ ਦਰੱਖਤ ਦੀਆਂ ਟਾਹਣੀਆਂ ਟੁੱਟ ਕੇ ਸੜਕਾਂ ਉੱਤੇ ਡਿੱਗਣ ਲੱਗ ਪਈਆਂ। ਇਸੇ ਤਰ੍ਹਾਂ ਦੀਆਂ ਕਈ ਹੋਰ ਘਟਨਾਵਾਂ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਵੀ ਸਾਹਮਣੇ ਆਈਆਂ ਹਨ, ਜਿੱਥੇ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਦੀਆਂ ਸੂਚਨਾਵਾਂ ਮਿਲੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਾਣੇ ਅਤੇ ਖ਼ਤਰਨਾਕ ਦਰੱਖਤਾਂ ਦੀ ਕਟਾਈ ਅਤੇ ਸੰਭਾਲ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।