ਪੰਜਾਬ ਗੁਰਦਾਸਪੁਰ ਦੇ ਪਿੰਡ ਗਾਦੜੀਆਂ ’ਚ ਨੌਜਵਾਨ ਦਾ ਕਤਲ/ ਰੰਜ਼ਿਸ਼ ਦੇ ਚਲਦਿਆਂ ਉਤਾਰਿਆ ਮੌਤ ਦੇ ਘਾਟ/ ਪਰਿਵਾਰ ਨੇ ਮੰਗਿਆ ਇਨਸਾਫ By admin - April 14, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਪਿੰਡ ਗਾਦੜੀਆ ਵਿਖੇ ਨੌਜਵਾਨ ਦਾ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 24 ਸਾਲਾ ਜਸਮਨਪ੍ਰੀਤ ਸਿੰਘ ਵਜੋਂ ਹੋਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਪਿੰਡ ਦਾ ਹੀ ਇਕ ਨੌਜਵਾਨ ਉਸ ਨੂੰ ਆਪਣੇ ਨਾਲ ਲੈ ਕੇ ਗਿਆ ਸੀ ਤੇ ਬਾਅਦ ਵਿਚ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਸੁੱਟ ਦਿੱਤਾ। ਪਰਿਵਾਰ ਵੱਲੋਂ ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਕਤਲ ਦੀ ਵਜ੍ਹਾ ਪੁਰਾਣੀ ਰੰਜ਼ਿਸ਼ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਮੰਗੀ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਉਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਰਮੇਸ਼ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਹੈ। ਮ੍ਰਿਤਕ ਦੇ ਪਿਤਾ ਅਨੁਸਾਰ, ਅਭੀ ਨਾਮ ਦਾ ਇੱਕ ਨੌਜਵਾਨ ਉਹਨਾਂ ਦੇ ਘਰ ਆਇਆ। ਘਰ ਵਿੱਚ ਚਾਹ-ਪਾਣੀ ਪੀਣ ਤੋਂ ਬਾਅਦ ਉਹ ਜਸਮਨਪ੍ਰੀਤ ਨੂੰ ਆਪਣੇ ਨਾਲ ਮੋਟਰਸਾਈਕਲ ‘ਤੇ ਬਿਠਾ ਕੇ ਲੈ ਗਿਆ। ਉਸ ਸਮੇਂ ਤੇਜ਼ ਹਨੇਰੀ ਅਤੇ ਮੀਂਹ ਦਾ ਮਾਹੌਲ ਸੀ, ਜਿਸਦਾ ਫ਼ਾਇਦਾ ਉਠਾਉਂਦੇ ਹੋਏ ਅਭੀ ਅਤੇ ਉਸਦੇ ਸਾਥੀਆਂ ਨੇ ਜਸਨਪ੍ਰੀਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਸੜਕ ‘ਤੇ ਸੁੱਟ ਦਿੱਤਾ। ਰਮੇਸ਼ ਸਿੰਘ ਨੇ ਦੱਸਿਆ ਕਿ ਕਰੀਬ 2-4 ਮਹੀਨੇ ਪਹਿਲਾਂ ਦੂਜੀ ਪਾਰਟੀ ਦੇ ਕੁਝ ਨੌਜਵਾਨਾਂ ਨਾਲ ਜਸਨਪ੍ਰੀਤ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ। ਉਹਨਾਂ ਇਲਜ਼ਾਮ ਲਗਾਇਆ ਕਿ ਅਭੀ ਨੇ ਸਾਜ਼ਿਸ਼ ਤਹਿਤ ਉਹਨਾਂ ਦੇ ਪੁੱਤਰ ਨੂੰ ਘਰੋਂ ਬੁਲਾਇਆ ਅਤੇ ਦੂਜੀ ਪਾਰਟੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਸਨਪ੍ਰੀਤ ਇੰਨਾ ਜ਼ਖ਼ਮੀ ਸੀ ਕਿ ਉਹ ਕੁਝ ਵੀ ਬੋਲਣ ਦੀ ਹਾਲਤ ਵਿੱਚ ਨਹੀਂ ਸੀ ਅਤੇ ਜਦੋਂ ਅਸੀਂ ਸਿਵਲ ਹਸਪਤਾਲ ਇਲਾਜ ਲਈ ਲੈ ਕੇ ਗਏ ਤਾਂ ਉੱਥੇ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਜਸਨਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸਦਾ ਇੱਕ ਡੇਢ ਸਾਲ ਦਾ ਛੋਟਾ ਬੱਚਾ ਹੈ। 24 ਸਾਲਾ ਨੌਜਵਾਨ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਫਰਾਰ ਸਾਥੀਆਂ ਨੂੰ ਵੀ ਜਲਦ ਫੜਨ ਦੀ ਮੰਗ ਕੀਤੀ ਹੈ। ਐਸ.ਐਚ.ਓ. ਦੀਨਾਨਗਰ ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮੁੱਖ ਮੁਲਜ਼ਮ ਅਭੀ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ। ਐਸ.ਐਚ.ਓ. ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਤਕਨੀਕੀ ਕਾਰਨ ਸਪੱਸ਼ਟ ਹੋਣਗੇ। ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਵਾਰਦਾਤ ਵਿੱਚ ਸ਼ਾਮਲ ਹੋਰ ਵਿਅਕਤੀਆਂ ਅਤੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਅਧਿਕਾਰੀ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਉਣ ਦਾ ਭਰੋਸਾ ਦਿੱਤਾ ਹੈ।