ਡੇਰਾ ਬਾਬਾ ਨਾਨਕ ’ਚ ਡੁੱਬਣ ਕਾਰਨ ਬੱਚੇ ਦੀ ਮੌਤ/ ਰਾਵੀ ਦਰਿਆ ਕੰਢੇ ਖੇਡਣ ਦੌਰਾਨ ਹੋਇਆ ਸੀ ਲਾਪਤਾ/ ਮਾਪਿਆਂ ਦਾ ਇਕਲੌਤਾ ਪੁੱਤਰ ਸੀ 11 ਸਾਲਾ ਪ੍ਰਭਜੋਤ ਸਿੰਘ

0
2

ਗੁਰਦਾਸਪੁਰ ਅਧੀਨ ਆਉਂਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਪੱਤਨ ਵਿਖੇ ਅੱਜ ਉਸ ਵੇਲੇ ਮਾਹੌਲ ਸੋਗਮਈ ਹੋ ਗਿਆ ਜਦੋਂ 11 ਸਾਲਾ ਪ੍ਰਭਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਦੀ ਰਾਵੀ ਦਰਿਆ ਵਿਚ ਅਚਾਨਕ ਡੁੱਬਣ ਕਾਰਨ ਮੌਤ ਹੋ ਗਈ। ਪ੍ਰਭਜੋਤ ਸਿੰਘ ਆਪਣੇ ਸਾਥੀਆਂ ਨਾਲ ਵਿਸਾਖੀ ਦੇ ਮੇਲੇ ਨੂੰ ਸਮਰਪਿਤ ਕਰਵਾਏ ਸਮਾਗਮ ਵਿਚ ਸ਼ਾਮਲ ਹੋਣ ਗਿਆ ਸੀ, ਜਿੱਥੇ ਸਾਥੀਆਂ ਨਾਲ ਰਾਵੀ ਦਰਿਆ ਕੰਢੇ ਖੇਡਣ ਚਲੇ ਗਿਆ ਜਿੱਥੇ ਅਚਾਨਕ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ ਬਰਾਮਦ ਹੋ ਗਈ ਹੈ।  ਪਿੰਡ ਵਾਸੀਆਂ ਨੇ ਲੋਕਾਂ ਨੂੰ ਦਰਿਆ ਨੇੜੇ ਜਾਣ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੜ੍ਹਾਂ ਤੇ ਮਾਇਨਿੰਗ ਕਾਰਨ ਦਰਿਆ ਕਾਫੀ ਡੂੰਘਾ ਹੋ ਚੁੱਕਾ ਹੈ, ਜਿਸ ਕਾਰਨ ਅਜਿਹੇ ਹਾਦਸੇ ਵਾਪਰਨ ਦਾ ਖਤਰਾ ਬਣਿਆ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਪ੍ਰਭਜੋਤ ਸਿੰਘ ਬੀਤੇ ਕੱਲ੍ਹ ਵਿਸਾਖੀ ਦੇ ਮੇਲੇ ਨੂੰ ਸਮਰਪਿਤ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਪ੍ਰੋਗਰਾਮ ਵਿੱਚ ਆਪਣੇ ਦੋਸਤ ਨਾਲ ਗਿਆ ਸੀ ਪਰ ਸ਼ਾਮ ਤੱਕ ਉਹ ਘਰ ਵਾਪਸ ਨਾ ਪਰਤਿਆ। ਪਰਿਵਾਰ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਉਹ ਕੱਲ੍ਹ ਆਪਣੇ ਦੋਸਤ ਨਾਲ ਰਾਵੀ ਦਰਿਆ ਉਤੇ ਗਿਆ ਸੀ, ਜਿੱਥੇ ਉਸ ਦੀ ਚੱਪਲ ਰਾਵੀ ਦਰਿਆ ਵਿਚ ਰੁੜ ਗਈ ਤਾਂ ਚੱਪਲ ਫੜਣ ਦੀ ਕੋਸ਼ਿਸ਼ ਦੌਰਾਨ ਸੰਤੁਲਨ ਵਿਗੜਨ ਕਰ ਕੇ ਰਾਵੀ ਦਰਿਆ ਵਿੱਚ ਡਿੱਗ ਗਿਆ। ਉਸ ਦੇ ਦੋਸਤ ਨੇ ਘਰ ਆ ਕੇ ਨਹੀਂ ਦੱਸਿਆ।
ਬਾਦ ਵਿਚ ਕੀਤੀ ਪੁਛ-ਪੜਤਾਲ  ਦੌਰਾਨ ਬੱਚਿਆਂ ਨੇ ਉਸ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ। ਬੱਚਿਆਂ ਦੀ ਨਿਸ਼ਾਨਦੇਹੀ ਉਤੇ ਮਸੇਰਿਆਂ ਦੀ ਮਦਦ ਨਾਲ ਲਾਸ ਬਰਾਮਦ ਕੀਤੀ ਗਈ ਹੈ। ਮ੍ਰਿਤਕ ਬੱਚੇ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਇਲਾਕਾ ਨਿਵਾਸੀਆਂ ਨੂੰ ਰਾਵੀ ਦਰਿਆ ਵਿੱਚ ਨਹਾਉਣ ਨਾ ਜਾਣ ਦੀ ਅਪੀਲ ਕੀਤੀ ਹੈ। ਪਿੰਡ ਵਾਸੀਆਂ ਦਾ  ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਆਏ ਹੜਾਂ ਅਤੇ ਹੋ ਰਹੀ ਮਾਈਨਿੰਗ ਕਾਰਨ ਇੱਥੇ ਕਾਫੀ ਜਗ੍ਹਾ ਉਤੇ ਡੂੰਘੇ ਡੁੰਮ ਪੈ ਚੁੱਕੇ ਹਨ ਜਿਸ ਕਾਰਨ ਆਏ ਦਿਨ ਅਜਿਹੇ ਹਾਦਸੇ ਵਾਪਰ ਰਹੇ ਹਨ। ਪਿੰਡ ਵਾਸੀਆਂ ਨੇ ਲੋਕਾਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here