ਪੰਜਾਬ ਪਠਾਨਕੋਟ ’ਚ ਨਸ਼ੇ ’ਚ ਧੁੱਤ ਨੌਜਵਾਨਾਂ ਦਾ ਹੰਗਾਮਾ/ ਪੁਲਿਸ ਚੌਂਕੀ ’ਤੇ ਚੜ੍ਹਾਇਆ ਟਰੱਕ/ ਪੁਲਿਸ ਨੇ ਤਿੰਨ ਨੂੰ ਹਿਰਾਸਤ ’ਚ ਲੈ ਕੇ ਜਾਂਚ ਆਰੰਭੀ By admin - April 12, 2026 0 2 Facebook Twitter Pinterest WhatsApp ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ‘ਤੇ ਸਥਿਤ ਮੀਰਥਲ ਨਾਕੇ ‘ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਨਸ਼ੇ ਦੀ ਹਾਲਤ ਵਿੱਚ ਧੁੱਤ ਤਿੰਨ ਕਸ਼ਮੀਰੀ ਨੌਜਵਾਨਾਂ ਨੇ ਬੇਕਾਬੂ ਟਰੱਕ ਨੂੰ ਸਿੱਧਾ ਪੁਲਿਸ ਚੌਕੀ ਵਿੱਚ ਮਾਰ ਦਿੱਤਾ। ਇਸ ਟੱਕਰ ਨਾਲ ਪੁਲਿਸ ਪੋਸਟ ਨੂੰ ਕਾਫੀ ਨੁਕਸਾਨ ਪਹੁੰਚਿਆ, ਹਾਲਾਂਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਪੁਲਿਸ ਨੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ, ਪਰ ਡਰਾਈਵਰ ਨੇ ਟਰੱਕ ਰੋਕਣ ਦੀ ਥਾਂ ਚੌਕੀ ਵਿਚ ਮਾਰ ਦਿੱਤਾ। ਪੁਲਿਸ ਨੇ ਟਰੱਕ ਸਵਾਰਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਮੁਲਜਮਾਂ ਦੀ ਤਲਾਸ਼ੀ ਦੌਰਾਨ ਨਸ਼ੀਲਾ ਪਦਾਰਥ ਵੀ ਮਿਲਿਆ ਹੈ। ਜਾਣਕਾਰੀ ਮੁਤਾਬਕ ਸਬ-ਇੰਸਪੈਕਟਰ ਦੀ ਅਗਵਾਈ ਹੇਠ ਪੁਲਿਸ ਟੀਮ ਮੀਰਥਲ ਨਾਕੇ ‘ਤੇ ਰੁਟੀਨ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਡਰਾਈਵਰ ਨੇ ਟਰੱਕ ਦੀ ਰਫ਼ਤਾਰ ਵਧਾ ਲਈ। ਬੇਕਾਬੂ ਟਰੱਕ ਡਿਵਾਈਡਰ ਪਾਰ ਕਰਦਾ ਹੋਇਆ ਪੁਲਿਸ ਚੌਕੀ ਨਾਲ ਜਾ ਟਕਰਾਇਆ। ਟੱਕਰ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਚੌਕੀ ਦਾ ਇਕ ਹਿੱਸਾ ਢਹਿ ਗਿਆ। ਹਾਦਸੇ ਤੋਂ ਬਾਅਦ ਟਰੱਕ ਵਿੱਚ ਸਵਾਰ ਤਿੰਨ ਨੌਜਵਾਨ ਮੌਕੇ ਤੋਂ ਭੱਜਣ ਲੱਗੇ, ਪਰ ਪੁਲਿਸ ਨੇ ਤੁਰੰਤ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਦੋਸ਼ੀਆਂ ਕੋਲੋਂ ਕੁੱਲ 4.50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਿਲਾਲ ਅਹਿਮਦ ਠਕਰੀ, ਮੁਹੰਮਦ ਸਲੀਮ ਕਸਾਨਾ ਅਤੇ ਮੁਹੰਮਦ ਸਬੀਰ ਅਵਾਮ ਵਜੋਂ ਹੋਈ ਹੈ, ਜੋ ਕਿ ਅਨੰਤਨਾਗ (ਜੰਮੂ-ਕਸ਼ਮੀਰ) ਦੇ ਰਹਿਣ ਵਾਲੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਖ਼ਿਲਾਫ਼ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ, ਖ਼ਤਰਨਾਕ ਡਰਾਈਵਿੰਗ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਕਿੱਥੋਂ ਲਿਆਂਦੀ ਜਾ ਰਹੀ ਸੀ ਅਤੇ ਇਸ ਦੇ ਪਿੱਛੇ ਕਿਹੜਾ ਜਾਲ ਸਰਗਰਮ ਹੈ।