ਪਿੰਡ ਅਦਲੀਵਾਲ ਦੀ ਪੰਚਾਇਤ ਦਾ ਵੱਡਾ ਫੈਸਲਾ/ ਵਿਆਹਾਂ ਤੇ ਨਸ਼ਿਆਂ ‘ਤੇ ਲਾਗੂ ਕੀਤੇ ਨਵੇਂ ਨਿਯਮ/ ਭੱਜ ਕੇ ਵਿਆਹ ਕਰਨ ਵਾਲਿਆਂ ਦੇ ਬਾਈਕਾਟ ਦਾ ਐਲਾਨ

0
2

ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਵਿੱਚ ਪੰਚਾਇਤ ਵੱਲੋਂ ਸਮਾਜਕ ਅਨੁਸ਼ਾਸਨ ਬਣਾਈ ਰੱਖਣ ਲਈ ਕਈ ਸਖ਼ਤ ਮਤੇ ਪਾਸ ਕੀਤੇ ਗਏ ਹਨ। ਪੰਚਾਇਤ ਵੱਲੋਂ ਪਿੰਡ ਵਾਲਿਆਂ ਦੀ ਸਹਿਮਤੀ ਨਾਲ ਪਿੰਡ ਦੀ ਮੁੰਡੇ ਕੁੜੀ ਦਾ ਵਿਆਹ ਕਰਨ ਤੋਂ ਇਲਾਵਾ ਨਸ਼ਿਆਂ ਉਤੇ ਪੂਰਨ ਪਾਬੰਦੀ ਲਾ ਦਿੱਤੀ ਹੈ।  ਮਤੇ ਅਨੁਸਾਰ ਜੇਕਰ ਪਿੰਡ ਦਾ ਮੁੰਡਾ-ਕੁੜੀ ਆਪਸ ਵਿੱਚ ਜਾਂ ਭੱਜ ਕੇ ਵਿਆਹ ਕਰਵਾਉਂਦੇ ਹਨ, ਤਾਂ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਸ਼ਿਆਂ ਖਿਲਾਫ ਇਕਜੁਟ ਹੋ ਕੇ ਲੜਾਈ ਲੜਣ ਦਾ ਫੈਸਲਾ ਲਿਆ ਗਿਆ ਹੈ। ਪਿੰਡ ਵਾਸੀਆਂ ਨੇ ਸਮਾਜਿਕ ਤੇ ਧਾਰਮਿਕ ਰਸਮਾਂ ਵਿਚ ਖਰਚਿਆਂ ਨੂੰ ਵੀ ਸੀਮਤ ਕਰ ਦਿੱਤਾ ਹੈ। ਪਿੰਡ ਦੇ ਮੋਹਤਬਰਾਂ ਵੱਲੋਂ ਇਹ ਫੈਸਲੇ ਵੱਖ-ਵੱਖ ਧਿਰਾਂ ਦੀ ਸਾਂਝੀ ਸਲਾਹ ਨਾਲ ਲਏ ਗਏ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਵਿਆਹਾਂ ਨਾਲ ਪਿੰਡ ਵਿੱਚ ਲੜਾਈ-ਝਗੜੇ ਅਤੇ ਰਿਸ਼ਤਿਆਂ ਵਿੱਚ ਤਣਾਅ ਵੱਧਦਾ ਹੈ, ਜਿਸ ਨਾਲ ਸਮਾਜਿਕ ਸਾਂਝ ਖਰਾਬ ਹੁੰਦੀ ਹੈ। ਇਸ ਲਈ ਪੰਚਾਇਤ ਨੇ ਇਹ ਕਦਮ ਚੁੱਕਿਆ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪਿੰਡ ਦੇ ਇੱਕ ਵਾਸੀ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਕਾਰਨ ਕਾਫ਼ੀ ਵਿਵਾਦ ਹੋਏ, ਜਿਸ ਨਾਲ ਪਿੰਡ ਦੀ ਬਦਨਾਮੀ ਵੀ ਹੋਈ।
ਇਸ ਦੇ ਨਾਲ ਹੀ ਪੰਚਾਇਤ ਨੇ ਨਸ਼ਿਆਂ ਦੇ ਖ਼ਿਲਾਫ਼ ਵੀ ਸਖ਼ਤ ਰਵੱਈਆ ਅਪਣਾਇਆ ਹੈ। ਮਤੇ ਅਨੁਸਾਰ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ, ਤਾਂ ਪਿੰਡ ਦਾ ਕੋਈ ਵੀ ਮੋਹਤਬਰ ਉਸ ਦੀ ਹਿਮਾਇਤ ਨਹੀਂ ਕਰੇਗਾ ਅਤੇ ਨਾ ਹੀ ਉਸ ਦੀ ਜਮਾਨਤ ਲਈ ਅੱਗੇ ਆਵੇਗਾ। ਜੇਕਰ ਕੋਈ ਇਸ ਦੇ ਉਲਟ ਕਰਦਾ ਹੈ, ਤਾਂ ਉਸਨੂੰ ਪੰਚਾਇਤ ਅੱਗੇ ਜਵਾਬ ਦੇਣਾ ਪਵੇਗਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਕਾਰਨ ਪਹਿਲਾਂ ਕਈ ਜਾਨਾਂ ਵੀ ਗਈਆਂ ਹਨ, ਪਰ ਹੁਣ ਇਸ ‘ਤੇ ਕਾਬੂ ਪਾਉਣ ਲਈ ਇਹ ਜ਼ਰੂਰੀ ਕਦਮ ਚੁੱਕਿਆ ਗਿਆ ਹੈ।
ਇਸ ਤੋਂ ਇਲਾਵਾ ਪਿੰਡ ਵਿੱਚ ਕੁਝ ਰਵਾਇਤੀ ਰਸਮਾਂ ਨਾਲ ਜੁੜੇ ਖਰਚਾਂ ਲਈ ਵੀ ਰੇਟ ਨਿਰਧਾਰਤ ਕੀਤੇ ਗਏ ਹਨ। ਮਤੇ ਅਨੁਸਾਰ ਖੁਸਰਿਆਂ ਲਈ 1100 ਰੁਪਏ ਅਤੇ ਮਰਾਸੀਆਂ, ਭੰਡਾਂ ਤੇ ਹੋਰ ਰਸਮੀ ਟੋਲੀਆਂ ਲਈ 500 ਰੁਪਏ ਦੀ ਰਕਮ ਨਿਸ਼ਚਿਤ ਕੀਤੀ ਗਈ ਹੈ, ਤਾਂ ਜੋ ਲੋਕਾਂ ‘ਤੇ ਬੇਵਜ੍ਹਾ ਆਰਥਿਕ ਬੋਝ ਨਾ ਪਵੇ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਮਤੇ ਸਾਰਿਆਂ ਦੀ ਸਹਿਮਤੀ ਨਾਲ ਪਾਸ ਕੀਤੇ ਗਏ ਹਨ ਅਤੇ ਉਮੀਦ ਹੈ ਕਿ ਇਸ ਨਾਲ ਪਿੰਡ ਵਿੱਚ ਅਨੁਸ਼ਾਸਨ ਅਤੇ ਸ਼ਾਂਤੀ ਬਣੀ ਰਹੇਗੀ। ਨਾਲ ਹੀ ਇਹ ਵੀ ਮੰਗ ਕੀਤੀ ਗਈ ਕਿ ਇਸ ਤਰ੍ਹਾਂ ਦੇ ਮਤੇ ਹੋਰ ਪਿੰਡਾਂ ਵਿੱਚ ਵੀ ਲਾਗੂ ਹੋਣ, ਤਾਂ ਜੋ ਸਮਾਜਿਕ ਬੁਰਾਈਆਂ ‘ਤੇ ਕਾਬੂ ਪਾਇਆ ਜਾ ਸਕੇ।

LEAVE A REPLY

Please enter your comment!
Please enter your name here