ਪੰਜਾਬ ਅਬੋਹਰ ’ਚ ਬਜ਼ੁਰਗ ’ਤੇ ਜਾਨਲੇਵਾ ਹਮਲਾ/ ਨਸ਼ਿਆਂ ਤੋਂ ਰੋਕਣ ’ਤੇ ਬਣਾਇਆ ਨਿਸ਼ਾਨਾ/ ਪੀੜਤ ਨੇ ਮੰਗਿਆ ਇਨਸਾਫ਼ By admin - April 6, 2026 0 2 Facebook Twitter Pinterest WhatsApp ਅਬੋਹਰ ਦੇ ਕ੍ਰਿਸ਼ਨਾ ਨਗਰੀ ਵਿਖੇ ਬੀਤੀ ਰਾਤ ਕੁਝ ਨੌਜਵਾਨਾਂ ਵੱਲੋਂ ਬਜ਼ੁਰਗ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖਬਰਾਂ ਮੁਤਾਬਕ ਬਜ਼ੁਰਗ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਉਸ ਨੇ ਕੁੱਝ ਲੋਕਾਂ ਨੂੰ ਨਸ਼ਿਆਂ ਤੋਂ ਵਰਜਿਆ ਸੀ। ਜਿਸ ਦੀ ਰੰਜ਼ਿਸ਼ ਤਹਿਤ ਕੁੱਝ ਲੋਕਾਂ ਨੇ ਬਜ਼ੁਰਗ ਉਤੇ ਹਮਲਾ ਕਰ ਦਿੱਤਾ। ਬਜ਼ੁਰਗ ਦੇ ਹੱਕ ਵਿਚ ਨਿਤਰੇ ਮੁਹੱਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਨਸ਼ਿਆਂ ਨਾਲ ਜੁੜੇ ਲੋਕਾਂ ਖਿਲਾਫ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਹੈ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਸਿਮਰਨ ਨਾਮ ਦਾ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਉਹ ਵੇਚਦਾ ਵੀ ਹੈ ਜਿਸ ਕੋਲ ਸਵੇਰੇ, ਦੁਪਹਿਰੇ ਅਤੇ ਰਾਤ ਤਕ ਕਈ ਨੌਜਵਾਨ ਆਉਂਦੇ ਜਾਂਦੇ ਰਹਿੰਦੇ ਹਨ। ਇਸ ਨੂੰ ਲੈ ਕੇ ਸਿਮਰਨ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਦਾਰਾ ਸਿੰਘ ਨੇ ਨੌਜਵਾਨਾਂ ਨੂੰ ਗਲੀ ਵਿੱਚ ਖੜਨ ਤੋਂ ਰੋਕਿਆ ਜਿਸ ਤੋਂ ਬਾਅਦ ਕਹਾ-ਸੁਨੀ ਹੋ ਗਈ ਅਤੇ ਰਾਤ ਤਕਰੀਬਨ 8:30 ਵਜੇ ਜਦ ਦਾਰਾ ਸਿੰਘ ਗਲੀ ਵਿੱਚ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਉਸ ਦੀ ਤਾਕ ਵਿੱਚ ਖੜੇ ਨੌਜਵਾਨਾਂ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਦਾਰਾ ਸਿੰਘ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਅਬੋਹਰ ਦੇ ਸਿਵਿਲ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ। ਉਧਰ ਕ੍ਰਿਸ਼ਨਾ ਨਗਰੀ ਦੇ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਦਗੀ ਬੇਹਾਲ ਹੋਈ ਹੈ। ਔਰਤਾਂ ਸਹਿਮ ਦੇ ਮਾਹੌਲ ਵਿਚ ਨੇ ਘਰ ਤੋਂ ਬਾਹਰ ਨਹੀਂ ਨਿਕਲ ਸਕਦੀਆਂ ਕਿਉਂਕਿ ਗਲੀ ਦੇ ਵਿੱਚ ਨਸ਼ੇੜੀ ਘੁੰਮਦੇ ਨੇ ਅਤੇ ਇਹਨਾਂ ਨਸ਼ੇੜੀਆਂ ਦਾ ਮੁੱਖ ਸਰਗਣਾ ਸਿਮਰਨ ਹੈ ਜੋ ਖੁਦ ਵੀ ਨਸ਼ਾ ਕਰਦਾ ਅਤੇ ਵੇਚਦਾ ਵੀ ਹੈ। ਇੰਨਾਂ ਹੀ ਨਹੀਂ ਉਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਲਿਹਾਜ਼ਾ ਗਲੀ ਦੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਡੀਐਸਪੀ ਮਨਿੰਦਰ ਸਿੰਘ ਦੇ ਦੱਸਣ ਮੁਤਾਬਕ ਗਲੀ ਦੇ ਵਿੱਚ ਖੜਨ ਤੋਂ ਰੋਕਣ ਤੇ ਤਕਰਾਰ ਹੋਈ ਹੈ ਜਿਸ ਤੋਂ ਬਾਅਦ ਇਹ ਲੜਾਈ ਝਗੜਾ ਹੋਇਆ ਹੈ ਅਤੇ ਨਸ਼ੇ ਦਾ ਇਸ ਵਿੱਚ ਕੋਈ ਵੀ ਐਂਗਲ ਨਹੀਂ। ਕ੍ਰਿਸ਼ਨਾ ਨਗਰੀ ਦੇ ਵਾਸੀਆਂ ਨੇ ਸਵਾਲ ਚੁੱਕੇ ਨੇ ਕਿ ਇੱਕ ਪਾਸੇ ਸਰਕਾਰ ਨਸ਼ਿਆਂ ਦੇ ਖਿਲਾਫ ਯੁੱਧ ਚਲਾ ਰਹੀ ਹੈ ਤੇ ਸਰਕਾਰ ਇਹ ਕਹਿੰਦੀ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਤਾਂ ਉਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਦੂਜੇ ਪਾਸੇ ਜਾਣਕਾਰੀ ਦੇਣ ਜਾਂ ਨਸ਼ਾ ਵੇਚਣ ਤੋਂ ਰੋਕਣ ਤੇ ਇਸ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ।