ਖੰਨਾ ਦੇ ਘਰ ’ਚ ਹਾਈ-ਪ੍ਰੋਫਾਈਲ ਚੋਰੀ ਮਾਮਲਾ ਸੁਲਝਿਆ/ ਨੌਕਰ ਨੇ ਹੀ ਚੋਰੀ ਕੀਤੇ ਸੀ ਕਰੋੜ ਕੀਮਤ ਦੇ ਗਹਿਣੇ/ ਬੱਚਿਆਂ ਨੇ ਖੋਲ੍ਹਿਆ ਰਾਜ਼, ਪੁਲਿਸ ਨੇ ਕਾਰਵਾਈ ਆਰੰਭੀ

0
5

 

ਖੰਨਾ ਵਿਚ ਇਕ ਉਦਯੋਗਪਤੀ ਦੇ ਘਰ ਅੰਦਰ ਹੋਈ ਹਾਈ ਪ੍ਰੋਫਾਈਲ ਚੋਰੀ ਦਾ ਮਾਮਲਾ ਸੁਲਝ ਗਿਆ ਹੈ। ਇਹ ਚੋਰੀ ਘਰ ਅੰਦਰ ਰਹਿੰਦੇ ਘਰੇਲੂ ਨੌਕਰ ਵੱਲੋਂ ਕੀਤੀ ਗਈ ਸੀ। ਨਨਕੂ ਉਰਫ ਪੱਪੂ ਚੌਧਰੀ ਨਾਮ ਦਾ ਇਹ ਨੌਕਰ ਘਰ ਅੰਦਰ ਬਣੇ ਕੁਆਟਰ ਵਿਚ ਪਰਿਵਾਰ ਸਮੇਤ ਰਹਿੰਦਾ ਸੀ, ਜਿਸ ਨੇ ਲਾਲਚਵੱਸ ਆਪਣੀ ਪਤਨੀ ਨਾਲ ਮਿਲ ਕੇ ਘਟਨਾ ਅੰਜ਼ਾਮ ਦਿੱਤੀ ਸੀ। ਪਰ ਉਸ ਦੇ ਬੱਚਿਆਂ ਦੇ ਖੁਲਾਸੇ ਕਾਰਨ ਚੋਰੀ ਦਾ ਪਰਦਾਫਾਸ਼ ਹੋ ਗਿਆ। ਪੁਲਿਸ ਨੇ ਦੋਵੇ ਪਤੀ-ਪਤਨੀ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸ਼ਹਿਰ ਦੇ ਇੱਕ ਉਦਯੋਗਪਤੀ ਪਰਿਵਾਰ, ਜੋ ਸੁਲੇਖ ਰਾਮ ਬਿਲਡਿੰਗ ਵਿੱਚ ਰਹਿੰਦਾ ਹੈ, ਨੇ ਕੋਵਿਡ ਸਮੇਂ ਦੌਰਾਨ ਆਪਣੀ ਬਜ਼ੁਰਗ ਮਹਿਲਾ ਸੁਵੇਲਾ ਕੰਵਰ (65) ਦੀ ਦੇਖਭਾਲ ਲਈ ਨਨਕੂ ਉਰਫ ਪੱਪੂ ਚੌਧਰੀ ਨੂੰ ਰੱਖਿਆ ਸੀ। ਨਨਕੂ ਆਪਣੇ ਪਰਿਵਾਰ ਸਮੇਤ ਘਰ ਦੇ ਇੱਕ ਕਵਾਰਟਰ ਵਿੱਚ ਰਹਿੰਦਾ ਸੀ ਅਤੇ ਹੌਲੀ-ਹੌਲੀ ਪਰਿਵਾਰ ਦਾ ਭਰੋਸੇਯੋਗ ਹਿੱਸਾ ਬਣ ਗਿਆ। ਉਸਨੂੰ ਘਰ ਦੇ ਹਰ ਕੋਨੇ ਅਤੇ ਅਲਮਾਰੀਆਂ ਤੱਕ ਦੀ ਪੂਰੀ ਜਾਣਕਾਰੀ ਹੋ ਗਈ ਸੀ। ਕੁੱਝ ਸਮਾਂ ਪਹਿਲਾਂ ਘਰ ਦੀ ਸਫਾਈ ਦੌਰਾਨ ਨਨਕੂ ਨੂੰ ਪਤਾ ਲੱਗਾ ਕਿ ਪਰਿਵਾਰ ਦੀ ਧੀ, ਜੋ ਦੁਬਈ ਰਹਿੰਦੀ ਹੈ, ਆਪਣੇ ਕੀਮਤੀ ਗਹਿਣੇ ਘਰ ਦੀ ਅਲਮਾਰੀ ਵਿੱਚ ਰੱਖ ਕੇ ਗਈ ਹੋਈ ਹੈ। ਇਹ ਗਹਿਣੇ ਇੱਕ ਕਰੋੜ ਤੋਂ ਵੱਧ ਦੀ ਕੀਮਤ ਦੇ ਦੱਸੇ ਜਾ ਰਹੇ ਹਨ।
ਇਥੇ ਹੀ ਉਸਦੇ ਮਨ ਵਿੱਚ ਲਾਲਚ ਪੈਦਾ ਹੋਇਆ ਅਤੇ ਉਸਨੇ ਆਪਣੀ ਪਤਨੀ ਸਪਨਾ ਨਾਲ ਮਿਲ ਕੇ ਚੋਰੀ ਦੀ ਯੋਜਨਾ ਬਣਾਈ। ਕੁੱਝ ਦਿਨ ਪਹਿਲਾਂ ਜਦੋਂ ਪਰਿਵਾਰ ਦੀ ਧੀ ਵਾਪਸ ਆਈ ਅਤੇ ਇੱਕ ਸਮਾਰੋਹ ਲਈ ਤਿਆਰ ਹੋਣ ਵਾਸਤੇ ਅਲਮਾਰੀ ਖੋਲੀ, ਤਾਂ ਉਸਦੇ ਹੋਸ਼ ਉੱਡ ਗਏ। ਅੰਦਰੋਂ ਜ਼ਿਆਦਾਤਰ ਗਹਿਣੇ ਗਾਇਬ ਸਨ। ਪਰਿਵਾਰ ਨੇ ਤੁਰੰਤ ਨਨਕੂ ਨਾਲ ਪੁੱਛਗਿੱਛ ਕੀਤੀ, ਪਰ ਉਸਨੇ ਹਰ ਗੱਲ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਆਪਣੇ ਤੌਰ ‘ਤੇ ਜਾਂਚ ਸ਼ੁਰੂ ਕੀਤੀ।
ਜਾਂਚ ਦੌਰਾਨ ਪਤਾ ਲੱਗਾ ਕਿ ਨਨਕੂ ਉੱਤਰ ਪ੍ਰਦੇਸ਼ ’ਚ ਆਪਣੇ ਪਿੰਡ ਵਿੱਚ ਇਕ ਵੱਡੀ ਕੋਠੀ ਬਣਵਾ ਰਿਹਾ ਸੀ ਅਤੇ ਉਸਨੇ ਮਹਿੰਗੇ ਮੋਬਾਈਲ ਤੇ ਬ੍ਰਾਂਡਡ ਕੱਪੜਿਆਂ ‘ਤੇ ਖਰਚਾ ਵਧਾ ਦਿੱਤਾ ਸੀ। ਇਹ ਸਾਰੀਆਂ ਗੱਲਾਂ ਸ਼ੱਕ ਨੂੰ ਯਕੀਨ ਵਿੱਚ ਬਦਲਣ ਲੱਗੀਆਂ। ਮਾਮਲੇ ਵਿੱਚ ਸਭ ਤੋਂ ਵੱਡਾ ਮੋੜ ਉਸ ਵੇਲੇ ਆਇਆ ਜਦੋਂ ਪਰਿਵਾਰ ਨੇ ਨਨਕੂ ਦੇ ਬੱਚਿਆਂ ਨਾਲ ਗੱਲਬਾਤ ਕੀਤੀ। ਮਾਸੂਮ ਬੱਚਿਆਂ ਨੇ ਸੱਚਾਈ ਬਿਆਨ ਕਰ ਦਿੱਤੀ। ਨਨਕੂ ਦੇ 10 ਸਾਲਾ ਪੁੱਤਰ ਨੇ ਦੱਸਿਆ ਕਿ ਉਸਦਾ ਪਿਤਾ ਘਰ ਦੇ ਅੰਦਰ ਹੀ ਜ਼ਮੀਨ ਖੋਦ ਕੇ ਗਹਿਣੇ ਦੱਬਦਾ ਸੀ। ਬੱਚਿਆਂ ਵੱਲੋਂ ਦੱਸੇ ਸਥਾਨ ‘ਤੇ ਜਦੋਂ ਖੁਦਾਈ ਕੀਤੀ ਗਈ, ਤਾਂ ਉਥੋਂ ਕੁਝ ਗਹਿਣੇ ਬਰਾਮਦ ਹੋ ਗਏ। ਇਸ ਨਾਲ ਸਾਫ ਹੋ ਗਿਆ ਕਿ ਚੋਰੀ ਘਰ ਦੇ ਅੰਦਰੋਂ ਹੀ ਹੋਈ ਹੈ।
ਮਾਮਲਾ ਪੁਲਿਸ ਕੋਲ ਪਹੁੰਚਣ ‘ਤੇ ਖੰਨਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨਨਕੂ ਉਰਫ ਪੱਪੂ ਚੌਧਰੀ ਅਤੇ ਉਸਦੀ ਪਤਨੀ ਸਪਨਾ ਨੂੰ ਗ੍ਰਿਫਤਾਰ ਕਰ ਲਿਆ। ਦੋਹਾਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐਸਪੀ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀ ਪਤੀ-ਪਤਨੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਰਿਮਾਂਡ ਦੌਰਾਨ ਕਰੀਬ ਪੰਜ ਤੋਲੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਬਾਕੀ ਗਹਿਣਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਕਿਸਨੂੰ ਵੇਚੇ ਗਏ ਹਨ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਨਨਕੂ ਖਿਲਾਫ 2019 ਵਿੱਚ ਮੰਡੀ ਗੋਬਿੰਦਗੜ੍ਹ ਵਿੱਚ ਵੀ ਚੋਰੀ ਦਾ ਮਾਮਲਾ ਦਰਜ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਖੰਨਾ ਵਿੱਚ ਆ ਕੇ ਕੰਮ ਕਰਨ ਲੱਗ ਪਿਆ ਸੀ।

LEAVE A REPLY

Please enter your comment!
Please enter your name here