ਪੰਜਾਬ ਕਪੂਰਥਲਾ ਦੇ ਪਿੰਡ ਮਹੀਂਵਾਲ ’ਚ ਅੱਗ ਦਾ ਕਹਿਰ/ ਚਾਰ ਪਸ਼ੂ ਝੁਲਸੇ, ਤੂੜੀ, ਖਾਦ ਤੇ ਟਰਾਲੀ ਦਾ ਨੁਕਸਾਨ ਕਿਸਾਨ ਪਰਿਵਾਰ ਦਾ ਲੱਖਾਂ ਦਾ ਨੁਕਸਾਨ By admin - April 2, 2026 0 2 Facebook Twitter Pinterest WhatsApp ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਥਾਣਾ ਤਲਵੰਡੀ ਚੌਧਰੀਆਂ ਵਿਖੇ ਅੱਜ ਪਿੰਡ ਮਹੀਂਵਾਲ ਵਿੱਚ ਇੱਕ ਮੰਦਭਾਗੀ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਕਿਸਾਨ ਆਗੂ ਸ਼ੇਰ ਸਿੰਘ ਮਹੀਂਵਾਲ ਦੇ ਭਰਾ ਧਿਆਨ ਸਿੰਘ ਦੇ ਘਰ ਅੱਗ ਲੱਗਣ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ। ਘਟਨਾ ਦੁਪਹਿਰ ਕਰੀਬ 1 ਵਜੇ ਬਿਜਲੀ ਦੇ ਸ਼ਾਰਟ ਸਰਕਿਟ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਅੱਗ ਨਾਲ ਚਾਰ ਪਸ਼ੂਆਂ ਦੀ ਝੁਲਸਣ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਮੋਟਰਸਾਈਕਲ, ਤੂੜੀ, ਖਾਦ ਅਤੇ ਨੇੜੇ ਖੜੀ ਟਰਾਲੀ ਵੀ ਅੱਗ ਦੀ ਲਪੇਟ ਵਿੱਚ ਆ ਗਈ। ਮੁਢਲੀਆਂ ਰਿਪੋਰਟਾਂ ਮੁਤਾਬਕ ਕਿਸਾਨ ਪਰਿਵਾਰ ਦਾ ਲੱਖਾਂ ਰੁਪਏ ਦੇ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਅੱਗ ਸਭ ਤੋਂ ਪਹਿਲਾਂ ਮੱਝਾਂ ਵਾਲੇ ਸ਼ੈੱਡ ਵਿੱਚ ਲੱਗੀ ਅਤੇ ਕੁਝ ਹੀ ਪਲਾਂ ਵਿੱਚ ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਡੰਗਰਾਂ ਅਤੇ ਹੋਰ ਸਮਾਨ ਨੂੰ ਬਾਹਰ ਕੱਢਣਾ ਬਹੁਤ ਔਖਾ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਸਾਰਾ ਕੁਝ ਸੁਆਹ ਬਣ ਗਿਆ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਕੁੱਲ ਸੱਤ ਪਸ਼ੂਆਂ ਵਿੱਚੋਂ ਚਾਰ ਦੀ ਸੜ ਕੇ ਮੌਤ ਹੋ ਗਈ, ਜਿਨ੍ਹਾਂ ਵਿੱਚ ਤਿੰਨ ਗਾਂਵਾਂ ਅਤੇ ਇੱਕ ਮੱਝ ਸ਼ਾਮਲ ਹੈ। ਇਕ ਹੋਰ ਗਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਜੋ ਮੌਤ ਦੇ ਕਿਨਾਰੇ ਹੈ। ਦੋ ਨਿੱਕੇ ਵੱਛਰੂਆਂ ਨੂੰ ਕਿਸੇ ਤਰ੍ਹਾਂ ਬਚਾ ਲਿਆ ਗਿਆ ਪਰ ਉਹ ਵੀ ਜ਼ਖ਼ਮੀ ਹਨ ਅਤੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅੱਗ ਨੇ ਹੋਰ ਵੀ ਕਾਫੀ ਨੁਕਸਾਨ ਕੀਤਾ ਹੈ। ਘਟਨਾ ਦੌਰਾਨ ਇੱਕ ਮੋਟਰਸਾਈਕਲ, ਤੂੜੀ, ਖਾਦ ਅਤੇ ਨੇੜੇ ਖੜੀ ਟਰਾਲੀ ਵੀ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਨਾਲ ਟਰਾਲੀ ਦੇ ਟਾਇਰ ਸੜ ਕੇ ਖ਼ਤਮ ਹੋ ਗਏ। ਸਮੂਹ ਨੁਕਸਾਨ ਲੱਖਾਂ ਰੁਪਏ ਵਿੱਚ ਅੰਕਿਤ ਕੀਤਾ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪਟਵਾਰੀ, ਪਸ਼ੂ ਡਾਕਟਰਾਂ ਦੀ ਟੀਮ ਅਤੇ ਤਲਵੰਡੀ ਚੌਧਰੀਆਂ ਤੋਂ ਪੁਲਿਸ ਮੌਕੇ ‘ਤੇ ਪਹੁੰਚ ਗਈ, ਜਿਨ੍ਹਾਂ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ। ਉਨ੍ਹਾਂ ਵੱਲੋਂ ਪਰਿਵਾਰ ਨਾਲ ਗਹਿਰੀ ਹਮਦਰਦੀ ਪ੍ਰਗਟ ਕੀਤੀ ਗਈ ਅਤੇ ਦੁੱਖ ਸਾਂਝਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ ਅਤੇ ਇਸ ਨੁਕਸਾਨ ਦੀ ਭਰਪਾਈ ਕਰਨਾ ਆਸਾਨ ਨਹੀਂ, ਪਰ ਸਾਰੇ ਸਮਾਜ ਨੂੰ ਇਕੱਠੇ ਹੋ ਕੇ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਪਰਿਵਾਰ ਨੂੰ ਜਲਦੀ ਤੋਂ ਜਲਦੀ ਯੋਗ ਮੁਆਵਜ਼ਾ ਦਿੱਤਾ ਜਾਵੇ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲ ਦੁੱਖ ਪ੍ਰਗਟਾਉਂਦੇ ਹੋਏ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਹੋਏ ਵੱਡੇ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਦੁਬਾਰਾ ਡੰਗਰ ਖਰੀਦ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪਿੰਡ ਵਾਸੀਆਂ ਵੱਲੋਂ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਜਾ ਰਹੀ ਹੈ।