ਪੰਜਾਬ ਗੁਰਦਾਸਪੁਰ ਦੇ ਵਾਰਡ ਨੰਬਰ-3 ’ਚ ਵਿਕਾਸ ਕਾਰਜ ਸ਼ੁਰੂ/ ਵਿਧਾਇਕ ਬਰਿੰਦਰਮੀਤ ਪਾਹੜਾ ਨੇ ਕੀਤਾ ਉਦਘਾਟਨ By admin - April 1, 2026 0 2 Facebook Twitter Pinterest WhatsApp ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅੱਜ ਆਪਣੇ ਹਲਕੇ ਅਧੀਨ ਆਉਂਦੇ ਵਾਰਡ ਨੰਬਰ 3 ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਗਲੀ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਪਾਹੜਾ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਸਾਡੀ ਮੁੱਖ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਇਹ ਇਲਾਕਾ ਲੰਬੇ ਸਮੇਂ ਤੋਂ ਰੇਲਵੇ ਫਾਟਕ ਕਾਰਨ ਸ਼ਹਿਰ ਨਾਲੋਂ ਕੱਟਿਆ ਹੋਇਆ ਸੀ, ਜਿਸ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਾਹੜਾ ਨੇ ਕਿਹਾ ਕਿ ਵੱਡੀ ਜੱਦੋ-ਜਹਿਦ ਤੋਂ ਬਾਅਦ ਇੱਥੇ ਰੇਲਵੇ ਅੰਡਰ ਬ੍ਰਿਜ ਬਣਵਾਇਆ ਗਿਆ ਅਤੇ ਨਵਾਂ ਬੱਸ ਸਟੈਂਡ ਵੀ ਇਸੇ ਪਾਸੇ ਲਿਆਂਦਾ ਗਿਆ, ਜਿਸ ਨਾਲ ਇਸ ਪੂਰੇ ਇਲਾਕੇ ਦੀ ਨੁਹਾਰ ਬਦਲ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਖੇਤਰ ਹੋਰ ਵੀ ਵਿਕਸਿਤ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਬਿਨਾਂ ਸਰਕਾਰੀ ਸਹਿਯੋਗ ਦੇ, ਆਪਣੀ ਹਿੰਮਤ ਅਤੇ ਨਿੱਜੀ ਯਤਨਾਂ ਸਦਕਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਲੜੀ ਜਾਰੀ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਵਿਰੋਧੀ ਧਿਰਾਂ ਕੋਲ ਸਰਕਾਰ ਨਾ ਹੋਣ ਦਾ ਬਹਾਨਾ ਹੁੰਦਾ ਹੈ, ਪਰ ਅਸੀਂ ਭਾਈ ਲਾਲੋ ਚੌਕ ਵਰਗੇ ਕਈ ਪ੍ਰੋਜੈਕਟ ਲੜ ਕੇ ਪੂਰੇ ਕਰਵਾਏ ਹਨ। ਉਨ੍ਹਾਂ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ‘ਤੇ ਤੰਜ ਕਸਦਿਆਂ ਕਿਹਾ ਕਿ ਜਦੋਂ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਤਾਂ ਸਰਕਾਰ ਉਸ ਵਿੱਚ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਅਸੀਂ ਬੜੀ ਸਿਆਣਪ ਅਤੇ ਯੋਜਨਾਬੰਦੀ ਨਾਲ ਕੰਮਾਂ ਨੂੰ ਉਸ ਮੁਕਾਮ ‘ਤੇ ਪਹੁੰਚਾ ਦਿੱਤਾ ਹੈ ਜਿੱਥੇ ਹੁਣ ਇਨ੍ਹਾਂ ਨੂੰ ਰੋਕਣਾ ਮੁਸ਼ਕਿਲ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਦੀਆਂ ਕਈ ਸੜਕਾਂ ਕੇਂਦਰ ਸਰਕਾਰ ਦੇ ਫੰਡਾਂ ਰਾਹੀਂ ਬਣਵਾਈਆਂ ਗਈਆਂ ਹਨ ਅਤੇ ਅਸੀਂ ਅਧਿਕਾਰੀਆਂ ਨੂੰ ਡਰਾ-ਧਮਕਾ ਕੇ ਨਹੀਂ, ਬਲਕਿ ਹੱਕਾਂ ਲਈ ਲੜ ਕੇ ਕੰਮ ਕਰਵਾ ਰਹੇ ਹਾਂ। ਇਸ ਮੌਕੇ ਕਮੇਟੀ ਪ੍ਰਧਾਨ ਬਲਜੀਤ ਸਿੰਘ ਪਾਹੜਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ, ਜਿਨ੍ਹਾਂ ਨੇ ਇਲਾਕੇ ਵਿੱਚ ਹੋਏ ਵਿਕਾਸ ਕਾਰਜਾਂ ਲਈ ਧੰਨਵਾਦ ਪ੍ਰਗਟਾਇਆ।