ਅੰਮ੍ਰਿਤਸਰ ਪੁਲਿਸ ਹੱਥ ਲੱਗੀ ਵੱਡੀ ਸਫਲਤਾ/ 2 ਸਬ-ਮਸ਼ੀਨ ਗਨ ਬਰਾਮਦ/ ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜੇ ਤਾਰ

0
3

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕੇਬੰਦੀ ਕਰ ਕੇ ਨਾਜਾਇਜ਼ ਹਥਿਆਰਾਂ ਦੀ ਖੇਪ ਬਰਾਮਦ ਕੀਤੀ। ਪੁਲਿਸ ਨੇ ਦੋ 9 ਐਮਐਮ ਸਬ-ਮਸ਼ੀਨ ਗੰਨ ਅਤੇ ਇੱਕ ਖਾਲੀ ਮੈਗਜ਼ੀਨ ਬਰਾਮਦ ਕੀਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਬਰਾਮਦ ਕੀਤੇ ਹਥਿਆਰ ਬਹੁਤ ਹੀ ਖਤਰਨਾਕ ਕਿਸਮ ਦੇ ਹਨ ਅਤੇ ਇਹ ਹਥਿਆਰ ਆਟੋਮੈਟਿਕ ਫਾਇਰਿੰਗ ਕਰਨ ਸਮਰੱਥਾ ਹਨ। ਪੁਲਿਸ ਮੁਤਾਬਕ ਇਹ ਹਥਿਆਰ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤੀ ਸਰਹੱਦ ਵਿੱਚ ਭੇਜੇ ਗਏ ਸਨ, ਤਾਂ ਜੋ ਇਨ੍ਹਾਂ ਨੂੰ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਤੱਕ ਪਹੁੰਚਾਇਆ ਜਾ ਸਕੇ।
ਆਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਮਾਮਲੇ ਦੇ ਤਾਰ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਨਾਲ ਜੁੜਦੇ ਹਨ, ਜੋ ਇਸ ਵੇਲੇ ਯੂਰਪ ਵਿੱਚ ਬੈਠ ਕੇ ਆਪਣਾ ਨੈੱਟਵਰਕ ਚਲਾ ਰਿਹਾ ਹੈ। ਉਸਦਾ ਇੱਕ ਸਾਥੀ “ਹੈਰੀ” ਵੀ ਇਸ ਗੈਂਗ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ, ਜਿਸਦੀ ਪੂਰੀ ਪਛਾਣ ਹਾਲੇ ਕੀਤੀ ਜਾ ਰਹੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਇਹ ਗੈਂਗ ਪਹਿਲਾਂ ਵੀ ਕਤਲ, ਐਕਸਟੋਰਸ਼ਨ ਅਤੇ ਹੋਰ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਰਹਿ ਚੁੱਕਾ ਹੈ।
ਪੁਲਿਸ ਦਾ ਮੰਨਣਾ ਹੈ ਕਿ ਜੇ ਇਹ ਹਥਿਆਰ ਮੰਜ਼ਿਲ ਤੱਕ ਪਹੁੰਚ ਜਾਂਦੇ ਤਾਂ ਸੂਬੇ ਵਿੱਚ ਵੱਡੀਆਂ ਅਪਰਾਧਿਕ ਘਟਨਾਵਾਂ ਹੋ ਸਕਦੀਆਂ ਸਨ। ਅੰਮ੍ਰਿਤਸਰ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਕਾਰਵਾਈ ਗੁਰੂ ਕੀ ਵਡਾਲੀ ਇਲਾਕੇ ਦੇ ਨੇੜੇ ਕੀਤੀ ਗਈ, ਜਿੱਥੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਵਿਅਕਤੀ ਘੁੰਮ ਰਹੇ ਹਨ। ਨਾਕਾਬੰਦੀ ਦੌਰਾਨ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਹਨਾਂ ਦਾ ਬੈਗ ਥੱਲੇ ਡਿੱਗ ਗਿਆ, ਜਿਸ ਵਿੱਚੋਂ ਇਹ ਹਥਿਆਰ ਬਰਾਮਦ ਹੋਏ।
ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਥਾਣਾ ਛੇਹਰਟਾ ਵਿੱਚ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਲਈ ਜਾਂਚ ਕਰ ਰਹੀ ਹੈ। ਪੁਲਿਸ ਕਮਿਸ਼ਨਰ ਭੁੱਲਰ  ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਗੈਂਗਸਟਰਾਂ ਦੇ ਲਾਲਚ ਵਿੱਚ ਨਾ ਆਉਣ, ਕਿਉਂਕਿ ਇਸਦਾ ਨਤੀਜਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਘਾਤਕ ਸਾਬਤ ਹੁੰਦਾ ਹੈ।

LEAVE A REPLY

Please enter your comment!
Please enter your name here