ਅੰਮ੍ਰਿਤਸਰ ‘ਚ 50 ਲੱਖ ਰਿਸ਼ਵਤ ਦੇ ਦੋਸ਼ਾਂ ‘ਤੇ ਨਵਾਂ ਮੋੜ/ ਪ੍ਰਭਬੀਰ ਬਰਾੜ ਨੇ ਦੋਸ਼ਾਂ ਨੂੰ ਦੱਸਿਆ ਸਾਜ਼ਿਸ਼/ ਪ੍ਰੈੱਸ ਕਾਨਫਰੰਸ ਕਰ ਕੇ ਰੱਖਿਆ ਪੱਖ

0
3

 

ਅੰਮ੍ਰਿਤਸਰ ਵਿਖੇ ਚੇਅਰਮੈਨਸ਼ਿਪ ਬਦਲੇ ਪੈਸੇ ਲੈਣ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਦੋਸ਼ਾਂ ਦੇ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਵੀਰ ਸਿੰਘ ਬਰਾੜ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣਾ ਪੱਖ ਰੱਖਿਆ ਹੈ। ਖੁਦ ਦੇ ਲੱਗੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆ ਪ੍ਰਭਵੀਰ ਬਰਾੜ ਨੇ ਕਿਹਾ ਕਿ ਉਨ੍ਹਾਂ ਖਿਲਾਫ 50 ਲੱਖ ਰੁਪਏ ਲੈਣ ਦੇ ਲਗਾਏ ਜਾ ਰਹੇ ਸਾਰੇ ਦੋਸ਼ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਇੱਕ ਸਾਜ਼ਿਸ਼ ਦੇ ਤਹਿਤ ਉਨ੍ਹਾਂ ਨੂੰ ਬਦਨਾਮ ਕਰਨ ਲਈ ਬਣਾਇਆ ਗਿਆ ਹੈ। ਸ਼ੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਬਾਰੇ ਉਨ੍ਹਾਂ ਕਿਹਾ ਕਿ ਇਹ ਸਾਜ਼ਿਸ਼ ਦਾ ਹਿੱਸਾ ਹੈ, ਜਿਸ ਦੀ ਸੱਚਾਈ ਜਾਣਨ ਬਹੁਤ ਜ਼ਰੂਰੀ ਹੈ।
ਬਰਾੜ ਨੇ ਦੱਸਿਆ ਕਿ ਪਾਰਟੀ ਵਿੱਚ ਵੀ ਕਈ ਵਾਰ ਕੁਝ “ਕਾਲੀਆਂ ਭੇਡਾਂ” ਹੁੰਦੀਆਂ ਹਨ ਜੋ ਨਿੱਜੀ ਲਾਭ ਲਈ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਹਨ ਅਤੇ ਆਪਣੀ ਲਗਨ ਦੇ ਨਾਲ ਇਹ ਜ਼ਿੰਮੇਵਾਰੀ ਹਾਸਲ ਕੀਤੀ ਹੈ, ਨਾ ਕਿ ਕਿਸੇ ਦੀ ਚਾਪਲੂਸੀ ਕਰ ਕੇ। ਇਸ ਦੌਰਾਨ ਵਰੁਣ ਭਗਤ ਨੇ ਵੀ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਇਹ ਸਾਰਾ ਮਾਮਲਾ ਅਸਲ ਵਿੱਚ ਉਸਦੇ ਅਤੇ ਰਵਿੰਦਰ ਡਾਵਰ ਵਿਚਕਾਰ ਚੱਲ ਰਹੇ ਬਿਜ਼ਨਸ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲ ਤੋਂ ਡਾਵਰ ਨਾਲ ਮਿਲ ਕੇ ਕਾਰੋਬਾਰ ਕਰ ਰਿਹਾ ਸੀ ਅਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਹਾਂ ਵਿਚਕਾਰ ਵਿਵਾਦ ਹੋ ਗਿਆ।
ਵਰੁਣ ਭਗਤ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਉਸ ਨੂੰ ਕਿਹਾ ਗਿਆ ਕਿ ਉਹ ਬਰਾੜ ਦੇ ਖਿਲਾਫ ਵੀਡੀਓ ਬਣਾ ਕੇ ਦੋਸ਼ ਲਗਾਏ ਤਾਂ ਜੋ ਬਰਾੜ ਨੂੰ ਜ਼ਿਲ੍ਹਾ ਪ੍ਰਧਾਨੀ ਤੋਂ ਹਟਾਇਆ ਜਾ ਸਕੇ। ਉਸ ਨੇ ਕਿਹਾ ਕਿ ਉਸ ਨੂੰ ਡਰਾਇਆ ਵੀ ਗਿਆ ਅਤੇ ਉਸਦੇ ਪਰਿਵਾਰ ਨੂੰ ਪੁਲਿਸ ਰਾਹੀਂ ਤੰਗ ਕੀਤਾ ਗਿਆ। ਪ੍ਰੈਸ ਕਾਨਫਰੰਸ ਦੌਰਾਨ ਬਰਾੜ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਾਰਟੀ ਵੱਲੋਂ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਲੋਕ ਇਸ ਸਾਜ਼ਿਸ਼ ਦੇ ਪਿੱਛੇ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਆਮ ਵਰਕਰਾਂ ਦੀ ਪਾਰਟੀ ਹੈ ਅਤੇ ਇੱਥੇ ਅਹੁਦੇ ਮਿਹਨਤ ਦੇ ਆਧਾਰ ‘ਤੇ ਮਿਲਦੇ ਹਨ, ਪੈਸਿਆਂ ਦੇ ਆਧਾਰ ‘ਤੇ ਨਹੀਂ।
ਉੱਧਰ ਦੂਜੇ ਪਾਸੇ ਰਵਿੰਦਰ ਸਿੰਘ ਡਾਵਰ ਆਪਣੀ ਪਤਨੀ ਦੇ ਨਾਲ ਪੀਡਬਲਿਊਡੀ ਰੈਸਟ ਹਾਊਸ ਪਹੁੰਚ ਗਿਆ ਅਤੇ ਉਸ ਨੇ ਪ੍ਰਭਵੀਰ ਬਰਾੜ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵੱਲੋਂ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਿੰਦਰ ਡਾਵਰ ਭਾਵੁਕ ਹੋ ਗਿਆ ਅਤੇ ਰੋਦੇ ਹੋਏ ਦੱਸਿਆ ਕਿ ਉਸ ਨਾਲ ਧੋਖਾ ਹੋਇਆ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਨੇ ਵਰੁਣ ਭਗਤ ਨੂੰ ਪੈਸੇ ਦਿੱਤੇ ਸਨ ਜੋ ਪ੍ਰਭਵੀਰ ਬਰਾੜ ਨੂੰ ਦੇਣ ਲਈ ਕਿਹਾ ਗਿਆ ਸੀ ਤਾਂ ਜੋ ਉਸ ਨੂੰ ਚੇਅਰਮੈਨ ਬਣਾਇਆ ਜਾ ਸਕੇ। ਡਾਵਰ ਨੇ ਕਿਹਾ ਕਿ ਨਾ ਤਾਂ ਉਸ ਨੂੰ ਚੇਅਰਮੈਨਸ਼ਿਪ ਮਿਲੀ ਅਤੇ ਨਾ ਹੀ ਉਸਦੇ ਪੈਸੇ ਵਾਪਸ ਮਿਲੇ, ਉਲਟ ਉਸ ਦੀ ਬਦਨਾਮੀ ਹੋ ਰਹੀ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਵਰੁਣ ਭਗਤ ਨੂੰ ਵੀ ਡਰਾ ਧਮਕਾ ਕੇ ਆਪਣੇ ਨਾਲ ਬਿਠਾਇਆ ਗਿਆ ਹੈ। ਰਵਿੰਦਰ ਡਾਵਰ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਇਨਸਾਫ ਦੀ ਗੁਹਾਰ ਲਗਾਈ।

LEAVE A REPLY

Please enter your comment!
Please enter your name here