ਅੰਮ੍ਰਿਤਸਰ ’ਚ ਚੋਰਾਂ ਦਾ ਸਮਸ਼ਾਨਘਾਟ ’ਤੇ ਧਾਵਾਂ/ ਲੋਹੇ ਦੇ ਗੇਟ ਤੋਂ ਇਲਾਵਾ ਅਸਥੀਆਂ ਲੈ ਕੇ ਹੋਏ ਫਰਾਰ/ ਲੋਕਾਂ ਨੇ ਚੋਰਾਂ ਖਿਲਾਫ਼ ਕਾਰਵਾਈ ਦੀ ਕੀਤੀ ਮੰਗ

0
3

ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡਾਂ ਵਿੱਚ ਚੋਰੀ ਦੀਆਂ ਵਧਦੀਆਂ ਘਟਨਾਵਾਂ ਕਾਰਨ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਹਾਲਾਤ ਇਸ ਕਦਰ ਗੰਭੀਰ ਹੋ ਚੁੱਕੇ ਨੇ ਕਿ ਹੁਣ ਚੋਰ ਸ਼ਮਸ਼ਾਨ ਘਾਟ ਵਰਗੀਆਂ ਥਾਵਾਂ ਨੂੰ ਵੀ ਨਹੀਂ ਛੱਡ ਰਹੇ। ਤਾਜ਼ਾ ਮਾਮਲੇ ਵਿੱਚ ਚੋਰ ਸ਼ਮਸ਼ਾਨ ਘਾਟ ਤੋਂ ਲੋਹੇ ਦੇ ਗੇਟ, ਬਿਜਲੀ ਦੀਆਂ ਤਾਰਾਂ ਅਤੇ ਹੋਰ ਸਮਾਨ ਚੋਰੀ ਕਰਨ ਦੇ ਨਾਲ ਨਾਲ ਇਕ ਪਰਿਵਾਰ ਵੱਲੋਂ ਰੱਖੀਆਂ ਅਸਥੀਆਂ ਵੀ ਚੋਰੀ ਕਰ ਕੇ ਲੈ ਗਏ ਹਨ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਭਾਰੀ ਦੁੱਖ ਤੇ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਮੰਗੀ ਹੈ।
ਪੀੜਤ ਪਰਿਵਾਰ ਦੇ ਮੈਂਬਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੀ ਮਾਤਾ ਦਾ ਸੰਸਕਾਰ ਕੀਤਾ ਸੀ ਅਤੇ ਰਿਵਾਜ ਅਨੁਸਾਰ ਅਸਥੀਆਂ ਇਕੱਠੀਆਂ ਕਰਕੇ ਇੱਕ ਥਾਂ ‘ਤੇ ਸੰਭਾਲ ਕੇ ਰੱਖੀਆਂ ਸਨ। ਪਰ ਜਦੋਂ ਉਹ ਦੁਬਾਰਾ ਅਸਥੀਆਂ ਚੁੱਕਣ ਲਈ ਪਹੁੰਚੇ ਤਾਂ ਉਹ ਗਾਇਬ ਸਨ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਚੋਰੀ ਨਹੀਂ, ਸਗੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ, ਜਿਸਨੂੰ ਉਹ ਕਦੇ ਭੁੱਲ ਨਹੀਂ ਸਕਦੇ।
ਇਸ ਤੋਂ ਇਲਾਵਾ ਪਿੰਡ ਦੇ ਹੋਰ ਵਸਨੀਕਾਂ ਨੇ ਵੀ ਦੱਸਿਆ ਕਿ ਮੱਝਾਂ ਦੀ ਚੋਰੀ, ਘਰਾਂ ਦੇ ਸਮਾਨ ਦੀ ਚੋਰੀ ਅਤੇ ਸ਼ਮਸ਼ਾਨ ਘਾਟ ਤੋਂ ਲੋਹੇ ਦੇ ਗੇਟ ਤੱਕ ਉਖਾੜ ਕੇ ਲੈ ਜਾਣੀਆਂ ਵਰਗੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਇਕ ਹੋਰ ਪੀੜਤ ਨੇ ਦੱਸਿਆ ਕਿ ਉਸ ਦੀਆਂ ਲੱਖਾਂ ਰੁਪਏ ਦੀਆਂ ਮੱਝਾਂ ਵੀ ਚੋਰੀ ਹੋ ਚੁੱਕੀਆਂ ਹਨ, ਪਰ ਅਜੇ ਤੱਕ ਕੋਈ ਪੱਕੀ ਕਾਰਵਾਈ ਨਹੀਂ ਹੋਈ।
ਪਿੰਡ ਦੇ ਸਰਪੰਚ ਜਤਿੰਦਰ ਪਾਲ ਸਿੰਘ ਨੇ ਵੀ ਮੰਨਿਆ ਕਿ ਹਾਲਾਤ ਕਾਫੀ ਖਰਾਬ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਅਤੇ ਬੇਰੁਜ਼ਗਾਰੀ ਕਾਰਨ ਅਪਰਾਧ ਵੱਧ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨ ਘਾਟ ‘ਚ ਨਸ਼ੇੜੀ ਲੋਕ ਵੀ ਆਉਂਦੇ ਹਨ, ਜੋ ਉਥੇ ਗੰਦਗੀ ਅਤੇ ਤਬਾਹੀ ਪੈਦਾ ਕਰ ਰਹੇ ਹਨ।
ਉਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰੀਆਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਮਾਮਲਿਆਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਅਤੇ ਜਲਦ ਹੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਫੋਰਸ ਦੀ ਕਮੀ ਦੇ ਬਾਵਜੂਦ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ।
ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਸ਼ਮਸ਼ਾਨ ਘਾਟ ਅਤੇ ਪਿੰਡਾਂ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਉਨ੍ਹਾਂ ਨੇ 24 ਘੰਟੇ ਨਿਗਰਾਨੀ ਲਈ ਕਰਮਚਾਰੀ ਤਾਇਨਾਤ ਕਰਨ, ਸੁਰੱਖਿਆ ਕੈਮਰੇ ਲਗਾਉਣ ਅਤੇ ਨਸ਼ੇ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here