ਬਿਕਰਮ ਮਜੀਠੀਆਂ ਨੇ ਸਰਕਾਰ ਵੱਲ ਸਾਧੇ ਤਿੱਖੇ ਨਿਸ਼ਾਨੇ/ ਕਾਨੂੰਨ ਤੇ ਸੰਵਿਧਾਨ ਨੂੰ ਅਣਗੌਲਣ ਦੇ ਲਾਏ ਇਲਜ਼ਾਮ

0
2

ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆਂ ਵੱਲੋਂ ਸਰਕਾਰ ਨੂੰ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਲਗਾਤਾਰ ਘੇਰਿਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਗਰੀਨ ਐਵਨਿਊ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਅੰਦਰ ਬਦਲਾਅ ਦੇ ਨਾਮ ਹੇਠ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਲਈ ਖਤਰਨਾਕ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦਾ ਰਾਜ ਵਿਚ ਕਾਨੂੰਨ ਅਤੇ ਸੰਵਿਧਾਨ ਦੀ ਲਗਾਤਾਰ ਅਣਦੇਖੀ ਹੋ ਰਹੀ ਹੈ, ਜਿਸ ਦੇ ਤਹਿਤ ਦਾਗੀ ਵਿਅਕਤੀਆਂ ਨੂੰ ਅਹੁਦੇਦਾਰੀਆਂ ਨਾਲ ਨਿਵਾਜਿਆ ਜਾ ਰਿਹਾ ਹੈ। ਗਗਨਦੀਪ ਰੰਧਾਵਾ ਦੀ ਮੌਤ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ  ਸਮੇਂ ਸਿਰ ਕਾਰਵਾਈ ਹੋ ਜਾਂਦੀ ਤਾਂ ਸ਼ਾਇਦ ਘਟਨਾ ਟਲ ਸਕਦੀ ਸੀ। ਉਨ੍ਹਾਂ ਪੀੜਤ ਪਰਿਵਾਰ ਨੂੰ  ਬਣਦਾ ਇਨਸਾਫ ਦੇਣ ਲਈ ਇਸ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੀ ਮੰਗ ਕੀਤੀ।
ਮਜੀਠੀਆ ਨੇ ਅੱਗੇ ਕਿਹਾ ਕਿ ਸਰਕਾਰ ਦੇ ਰਾਜ ਵਿੱਚ ਕਾਨੂੰਨੀ ਪ੍ਰਣਾਲੀ ਅਤੇ ਅਦਾਲਤਾਂ ਦਾ ਸਨਮਾਨ ਘਟਦਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੇ ਲੋਕਾਂ ਨੂੰ ਵੀ ਸਰਕਾਰੀ ਅਹੁਦੇ ਦਿੱਤੇ ਜਾ ਰਹੇ ਹਨ ਜਿਨ੍ਹਾਂ ‘ਤੇ ਗੰਭੀਰ ਕੇਸ ਦਰਜ ਹਨ। ਉਨ੍ਹਾਂ ਨੇ ਇੱਕ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਅਜਿਹੇ ਵਿਅਕਤੀ ਨੂੰ ਬਲਾਕ ਸਮਿਤੀ ਦਾ ਚੇਅਰਮੈਨ ਬਣਾਇਆ ਗਿਆ ਜਿਸਨੂੰ ਅਦਾਲਤ ਵੱਲੋਂ “ਪੀਓ” ਘੋਸ਼ਿਤ ਕੀਤਾ ਗਿਆ ਸੀ। ਮਜੀਠੀਆ ਦੇ ਮੁਤਾਬਕ ਉਸ ਵਿਅਕਤੀ ਖਿਲਾਫ ਧਾਰਾ 420, 427 ਅਤੇ ਐਕਸਾਈਜ਼ ਐਕਟ ਅਧੀਨ ਕੇਸ ਦਰਜ ਹਨ ਅਤੇ ਉਹ ਸ਼ਰਾਬ ਦੀ ਤਸਕਰੀ ਦੇ ਮਾਮਲੇ ਵਿੱਚ ਵੀ ਸ਼ਾਮਲ ਰਿਹਾ ਹੈ। ਅਦਾਲਤ ਵੱਲੋਂ ਉਸਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਸਨ, ਫਿਰ ਵੀ ਉਸਨੂੰ ਚੋਣ ਲੜਨ ਦੀ ਇਜਾਜ਼ਤ ਮਿਲੀ ਅਤੇ ਹੁਣ ਸਰਕਾਰੀ ਅਹੁਦਾ ਵੀ ਦਿੱਤਾ ਗਿਆ ਹੈ।
ਡਾਕਟਰ ਗਗਨਦੀਪ ਰੰਧਾਵਾ ਦੀ ਮੌਤ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਦੁਖਦਾਈ ਮੌਤ ਨਹੀਂ, ਸਗੋਂ ਇਸਦੇ ਪਿੱਛੇ ਭ੍ਰਿਸ਼ਟਾਚਾਰ ਅਤੇ ਸਿਆਸੀ ਦਬਾਅ ਦੀ ਸੰਭਾਵਨਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜੇ ਸਮੇਂ ‘ਤੇ ਕਾਰਵਾਈ ਹੋ ਜਾਂਦੀ ਤਾਂ ਸ਼ਾਇਦ ਇਹ ਘਟਨਾ ਟਲ ਸਕਦੀ ਸੀ। ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਨਾਮ ਲੈਂਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਿਆਸੀ ਅਤੇ ਪ੍ਰਸ਼ਾਸਕੀ ਦਬਾਅ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਮ੍ਰਿਤਕ ਡਾਕਟਰ ਗਗਨਦੀਪ ਰੰਧਾਵਾ ਦੇ ਪਰਿਵਾਰ ਵੱਲੋਂ ਵੀ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਐਫਆਈਆਰ ਦਰਜ ਕਰਨ ਵਿੱਚ ਦੇਰੀ ਕੀਤੀ ਗਈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ, ਜਿਸ ਕਾਰਨ ਇਨਸਾਫ ਦੀ ਪ੍ਰਕਿਰਿਆ ‘ਤੇ ਸਵਾਲ ਖੜੇ ਹੋ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਜਦੋਂ ਡਾਇੰਗ ਡਿਕਲੇਰੇਸ਼ਨ ਮੌਜੂਦ ਹੈ ਅਤੇ ਪਰਿਵਾਰ ਖੁੱਲ੍ਹ ਕੇ ਦੋਸ਼ ਲਗਾ ਰਿਹਾ ਹੈ ਤਾਂ ਸਰਕਾਰ ਦੀ ਚੁੱਪੀ ਸ਼ੱਕ ਪੈਦਾ ਕਰਦੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ “ਕਵਰ-ਅਪਰੇਸ਼ਨ” ਚੱਲ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਸੱਚਾਈ ਦੇ ਨਾਲ ਖੜੀ ਹੈ ਤਾਂ ਉਹ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਤੋਂ ਕਿਉਂ ਡਰ ਰਹੀ ਹੈ। ਮਜੀਠੀਆ ਨੇ ਕਿਹਾ ਕਿ ਇਨਸਾਫ ਲਈ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਖੜ੍ਹਨ ਲਈ ਤਿਆਰ ਹਨ ਅਤੇ ਇਹ ਮਾਮਲਾ ਸਿਆਸਤ ਤੋਂ ਉੱਪਰ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਹੁੰਦੀ ਹੈ ਜਾਂ ਨਹੀਂ।

LEAVE A REPLY

Please enter your comment!
Please enter your name here