ਮੋਗਾ ਦੇ ਪਿੰਡ ਖੋਸਾ ਕੋਟਲਾ ’ਚ ਨਵਜੰਮੀ ਧੀ ਦਾ ਸਵਾਗਤ/ ਫੁੱਲਾਂ ਨਾਲ ਸਜੀ ਗੱਡੀ ’ਚ ਘਰ ਲਿਆਂਦੀ ਨਵਜੰਮੀ ਧੀ/ ਮਨਾਇਆ ਸ਼ਾਨਦਾਰ ਜਸ਼ਨ

0
3

 

ਮੋਗਾ ਦੇ ਨਜ਼ਦੀਕੀ ਪਿੰਡ ਖੋਸਾ ਕੋਟਲਾ ਵਿੱਚ ਇੱਕ ਪਰਿਵਾਰ ਵੱਲੋਂ ਧੀ ਦੇ ਜਨਮ ਦੀ ਖੁਸ਼ੀ ਨੂੰ ਬੜੇ ਹੀ ਵਿਲੱਖਣ ਅਤੇ ਪ੍ਰੇਰਣਾਦਾਇਕ ਢੰਗ ਨਾਲ ਮਨਾਇਆ ਗਿਆ। ਪਰਿਵਾਰ ਨੇ ਨਵਜੰਮੀ ਬੇਟੀ ਨੂੰ ਹਸਪਤਾਲ ਤੋਂ ਘਰ ਲਿਆਂਦੇ ਸਮੇਂ ਗੱਡੀ ਨੂੰ ਫੁੱਲਾਂ ਨਾਲ ਸਜਾ ਕੇ ਅਤੇ ਢੋਲ ਵਾਜਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ। ਜਿਵੇਂ ਹੀ ਨਵਜੰਮੀ ਧੀ ਨੂੰ ਘਰ ਲਿਆਂਦਾ ਗਿਆ ਅਤੇ ਬੂਹੇ ਵਿੱਚ ਤੇਲ ਚੋਣ ਦੀ ਰਸਮ ਅਦਾ ਕੀਤੀ ਗਈ ਪੂਰੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਖੁਸ਼ੀ ਮਨਾਈ ਗਈ ਅਤੇ ਨਵਜੰਮੀ ਬੱਚੀ ਦਾ ਕੇਕ ਕੱਟ ਕੇ ਪਟਾਖੇ ਵੀ ਚਲਾਏ ਗਏ। ਇਸ ਮੌਕੇ ‘ਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਇਸ ਪਰਿਵਾਰ ਦੀ ਸੋਚ ਦੀ ਖੂਬ ਸਰਾਹਨਾ ਕੀਤੀ।
ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਸਮੇਂ ਚੇਤ ਨਵਰਾਤਰੇ ਚੱਲ ਰਹੇ ਹਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਮਾਤਾ ਰਾਣੀ ਨੇ ਆਪ ਹੀ ਉਨ੍ਹਾਂ ਦੇ ਘਰ ਧੀ ਦੇ ਰੂਪ ਵਿੱਚ ਜਨਮ ਲਿਆ ਹੈ। ਇਸ ਲਈ ਉਹਨਾਂ ਨੇ ਧੀ ਦੇ ਜਨਮ ਨੂੰ ਇੱਕ ਤਿਉਹਾਰ ਵਾਂਗ ਮਨਾਇਆ। ਬੇਟੀ ਨੂੰ ਫੁੱਲਾਂ ਨਾਲ ਸਜੀ ਗੱਡੀ ਵਿੱਚ ਘਰ ਲਿਆਂਦਾ ਗਿਆ ਅਤੇ ਢੋਲ ਦੀ ਧੁਨ ‘ਤੇ ਪਰਿਵਾਰਕ ਮੈਂਬਰਾਂ ਨੇ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਨਵਜੰਮੀ ਬੇਟੀ ਨੂੰ ਗੋਦ ਵਿੱਚ ਚੁੱਕਦਿਆਂ ਪਿਤਾ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਜੂ ਵੀ ਨਜ਼ਰ ਆਏ।
ਇਸ ਮੌਕੇ ‘ਤੇ ਪਰਿਵਾਰ ਨੇ ਕਿਹਾ ਕਿ ਧੀਆਂ ਕਦੇ ਵੀ ਬੋਝ ਨਹੀਂ ਹੁੰਦੀਆਂ, ਸਗੋਂ ਉਹ ਪਰਿਵਾਰ ਦਾ ਮਾਣ ਅਤੇ ਸਿਰ ਦਾ ਤਾਜ ਹੁੰਦੀਆਂ ਹਨ। ਉਨ੍ਹਾਂ ਨੇ ਸਮਾਜ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹਰ ਪਰਿਵਾਰ ਨੂੰ ਧੀ ਦੇ ਜਨਮ ਨੂੰ ਵੀ ਪੁੱਤਰ ਦੀ ਤਰ੍ਹਾਂ ਹੀ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਸਮਾਜ ਵਿੱਚ ਧੀਆਂ ਪ੍ਰਤੀ ਸਕਾਰਾਤਮਕ ਸੋਚ ਨੂੰ ਮਜ਼ਬੂਤ ਕਰਦੇ ਹਨ ਅਤੇ ਹੋਰ ਲੋਕਾਂ ਲਈ ਵੀ ਪ੍ਰੇਰਣਾ ਬਣਦੇ ਹਨ।

LEAVE A REPLY

Please enter your comment!
Please enter your name here