ਮੁਕਤਸਰ ਸਾਹਿਬ ਪਹੁੰਚੇ ਸਫਾਈ ਕਮਿਸ਼ਨ ਚੇਅਰਮੈਨ ਹਰਦੀਪ ਗਿੱਲ/ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ/ ਸੀਵਰੇਜ ਕੰਮਾਂ ਦੌਰਾਨ ਸੇਫਟੀ ਕਿੱਟਾਂ ਦੀ ਕਮੀ ’ਤੇ ਚੁੱਕੇ ਸਵਾਲ

0
2

 

ਸਫਾਈ ਕਮਿਸ਼ਨ ਦੇ ਵਾਇਸ ਚੇਅਰਮੈਨ ਹਰਦੀਪ ਸਿੰਘ ਗਿੱਲ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਬੀਤੇ ਦਿਨ ਸੀਵਰੇਜ ਵਿਚ ਡਿੱਗਣ ਕਾਰਨ ਨੌਜਵਾਨ ਦੀ ਮੌਤ ਮਾਮਲੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਮੀਟਿੰਗ ਦੌਰਾਨ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵੀ ਚੇਅਰਮੈਨ ਨੂੰ ਸੌਂਪੀ ਗਈ ਹੈ। ਵਾਇਸ ਚੇਅਰਮੈਨ ਨੇ ਕਿਹਾ ਕਿ ਮਾਮਲੇ ਦੀ ਅੱਗੇ ਵੀ ਜਾਂਚ ਹੋਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸਫਾਈ ਕਮਿਸ਼ਨ ਇੰਡੀਆ ਵਾਈਸ ਚੇਅਰਮੈਨ ਵੱਲੋਂ ਪੁਲਿਸ ਤੇ ਵੀ ਸਵਾਲ ਉਠਾਏ ਗਏ।
ਮੀਟਿੰਗ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਨਗਰ ਕੌਂਸਲ ਕੋਲ ਸੀਵਰੇਜ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਲਾਜ਼ਮੀ ਸੁਰੱਖਿਆ ਕਿੱਟਾਂ ਅਤੇ ਹੋਰ ਜ਼ਰੂਰੀ ਸਾਜੋ-ਸਮਾਨ ਮੌਜੂਦ ਨਹੀਂ ਸੀ, ਜੋ ਇੱਕ ਵੱਡੀ ਲਾਪਰਵਾਹੀ ਮੰਨੀ ਜਾ ਰਹੀ ਹੈ। ਇਸ ‘ਤੇ ਚੇਅਰਮੈਨ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਸਾਰੀ ਸੇਫਟੀ ਕਿੱਟਾਂ ਅਤੇ ਸਾਜੋ-ਸਮਾਨ ਦੀ ਵਿਵਸਥਾ ਕਰਕੇ ਉਸਦਾ ਪੂਰਾ ਰਿਕਾਰਡ ਪੇਸ਼ ਕਰਨ, ਨਹੀਂ ਤਾਂ ਉਨ੍ਹਾਂ ਖ਼ਿਲਾਫ ਨੋਟਿਸ ਜਾਰੀ ਕੀਤਾ ਜਾਵੇਗਾ।
ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਚੇਅਰਮੈਨ ਨੂੰ ਤਿੱਖੇ ਸਵਾਲ ਕੀਤੇ ਗਏ, ਜਿਨ੍ਹਾਂ ਵਿੱਚ ਇਹ ਮੁੱਖ ਸਵਾਲ ਸ਼ਾਮਲ ਸਨ ਕਿ ਨੌਜਵਾਨਾਂ ਨੂੰ ਬਿਨਾਂ ਸੁਰੱਖਿਆ ਦੇ ਸੀਵਰੇਜ ਵਿੱਚ ਕਿਉਂ ਉਤਾਰਿਆ ਗਿਆ, ਅਤੇ ਰਾਤ ਦੇ ਸਮੇਂ ਉਨ੍ਹਾਂ ਨੂੰ ਕੰਮ ਲਈ ਕਿਉਂ ਸੱਦਿਆ ਗਿਆ ਜਦੋਂ ਕਿ ਸੇਫਟੀ ਕਿੱਟਾਂ ਦੀ ਕੋਈ ਵੀ ਉਪਲਬਧਤਾ ਨਹੀਂ ਸੀ। ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਸਫਾਈ ਕਮਿਸ਼ਨ ਇੰਡੀਆ ਵਾਈਸ ਚੇਅਰਮੈਨ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਇਹ ਮਾਮਲਾ ਕਿਸੇ ਵੀ ਹਾਲਤ ਵਿੱਚ ਬੰਦ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੋ ਵੀ ਵਿਅਕਤੀ ਜਾਂ ਅਧਿਕਾਰੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਸ ਮਾਮਲੇ ਵਿੱਚ ਅਜੇ ਤੱਕ ਪੁਲਿਸ ਵੱਲੋਂ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕੀਤਾ ਗਿਆ। ਇਸਦੇ ਨਾਲ ਹੀ ਨੌਜਵਾਨ ਦੀ ਲਾਸ਼ ਨੂੰ ਉਸਦੇ ਮੂਲ ਨਿਵਾਸ ਪੱਛਮੀ ਬੰਗਾਲ ਭੇਜ ਦਿੱਤਾ ਗਿਆ, ਜਿਸ ਨਾਲ ਕਈ ਹੋਰ ਸਵਾਲ ਵੀ ਖੜੇ ਹੋ ਰਹੇ ਹਨ। ਹੁਣ ਸਫਾਈ ਕਮਿਸ਼ਨ ਇੰਡੀਆ ਵਾਈਸ ਚੇਅਰਮੈਨ ਵੱਲੋਂ ਕੀਤੀ ਗਈ ਇਸ ਕਾਰਵਾਈ ਅਤੇ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਆਖਿਰ ਇਸ ਮਾਮਲੇ ਵਿੱਚ ਅਸਲ ਕਾਰਵਾਈ ਕਦੋਂ ਅਤੇ ਕਿੰਨੀ ਤੇਜ਼ੀ ਨਾਲ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here