ਆਰਮੀ ਜਵਾਨਾਂ ਦੇ ਮਾਪਿਆਂ ਨਾਲ ਕੁੱਟਮਾਰ ਦਾ ਮਾਮਲਾ/ ਪੀੜਤਾਂ ਨੇ ਪੁਲਿਸ ਤੇ ਢਿੱਲੀ ਕਾਰਵਾਈ ਦੇ ਇਲਜ਼ਾਮ/ ਪੁਲਿਸ ਨੇ ਦੋਸ਼ ਨਕਾਰੇ, ਨਿਰਪੱਖ ਜਾਂਚ ਦਾ ਦਿੱਤਾ ਭਰੋਸਾ

0
2

ਗੁਰਦਾਸਪੁਰ ਅਧੀਨ ਆਉਂਦੇ ਕਸਬਾ ਕਾਹਨੂਵਾਨ ਦੇ ਪਿੰਡ ਕੀੜੀ ਅਫਗਾਨਾ ਨਾਲ ਸਬੰਧਤ ਫੌਜੀ ਜਵਾਨਾਂ ਦੇ ਮਾਪਿਆਂ ਨੇ ਸਥਾਨਕ ਪੁਲਿਸ ਤੇ ਢਿੱਲੀ ਕਾਰਵਾਈ ਦੇ ਇਲਜਾਮ ਲਾਉਂਦਿਆਂ ਇਨਸਾਫ ਮੰਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਰਤਾਰ ਚੰਦ ਨੇ ਦੱਸਿਆ ਕਿ ਉਸ ਦੇ ਦੋਵੇਂ ਪੁੱਤਰ ਫੌਜ ਵਿਚ ਹਨ ਅਤੇ ਉਹ ਆਪਣੀ ਪਤਨੀ ਸਮੇਤ ਇਕੱਲਾ ਰਹਿੰਦਾ ਹੈ। ਉਸ ਦੇ ਗੁਆਢੀਆਂ ਵੱਲੋਂ ਉਸ ਦੀ ਕੰਧ ਉਤੇ ਧੱਕੇ ਨਾਲ ਉਸਾਰੀ ਕੀਤੀ ਜਾ ਰਹੀ ਸੀ, ਜਿਸ ਬਾਰੇ ਇਤਰਾਜ ਕਰਨ ਉਤੇ ਗੁਆਢੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ। ਕਰਤਾਰ ਚੰਦ ਦਾ ਇਲਜਾਮ ਹੈ ਕਿ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਪਰ ਬਣਦੀ ਕਾਰਵਾਈ ਨਹੀਂ ਹੋਈ। ਸਥਾਨਕ ਪੁਲਿਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਪੁਲਿਸ ਦਾ ਪੱਖ ਰਖਦਿਆਂ ਕਿਹਾ ਕਿ 3 ਜਣਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜੋ ਵੀ ਤੱਥ ਸਾਹਮਣੇ ਆਏ, ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਝਗੜਾ ਕੰਧ ਦੀ ਉਸਾਰੀ ਨੂੰ ਲੈ ਕੇ ਹੋਇਆ ਸੀ। ਆਰਮੀ ਜਵਾਨਾਂ ਦੇ ਪਿਤਾ ਕਰਤਾਰ ਚੰਦ ਅਤੇ ਮਾਤਾ ਪਰਮਜੀਤ ਕੌਰ ਨੇ ਦੋਸ਼ ਲਗਾਇਆ ਸੀ ਕਿ ਉਹਨਾਂ ਦੇ ਗੁਆਂਡੀ ਵੱਲੋਂ ਉਹਨਾਂ ਦੀ ਕੰਧ ਤੇ ਕੰਧ ਉਸਾਰੀ ਜਾ ਰਹੀ ਸੀ ਜਿਸ ਨੂੰ ਰੋਕਣ ਤੇ ਗੁਆਂਡੀਆਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਕਰਤਾਰ ਚੰਦ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਦੋਵਾਂ ਨੂੰ ਇਲਾਜ ਲਈ ਸਰਕਾਰੀ  ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੀੜਿਤ ਕਰਤਾਰ ਚੰਦ ਅਤੇ ਪਰਮਜੀਤ ਕੌਰ ਦੇ ਦੋਵੇਂ ਪੁੱਤਰ ਸੈਨਾ ਦੇ ਜਵਾਨ ਜਿਨਾਂ ਵਿੱਚੋਂ ਇੱਕ ਪੈਰਾਸ਼ੂਟ ਰੈਜੀਮੈਂਟ ਜੰਮੂ ਕਸ਼ਮੀਰ ਅਤੇ ਦੂਸਰਾ ਅਸਾਮ ਵਿੱਚ ਤੈਨਾਤ ਹੈ।
ਇਸੇ ਦੌਰਾਨ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੇ ਇਲਜਾਮ ਵੀ ਲੱਗੇ ਸਨ। ਖਬਰਾਂ ਮੁਤਾਬਕ ਇਹ ਗੱਲ ਸਾਹਮਣੇ ਆਈ ਸੀ ਕਿ ਸਿਆਸੀ ਸ਼ਹਿ ਉਤੇ ਪੁਲਿਸ ਵੱਲੋਂ ਪੀੜਤ ਧਿਰ ਤੇ ਰਾਜੀਨਾਮੇ ਲਈ ਦਬਾਅ ਪਾਉਣ ਦੀ ਗੱਲ ਵੀ ਸਾਹਮਣੇ ਆਈ ਸੀ। ਮਾਮਲਾ ਐਨਾ ਹਾਈਲਾਈਟ ਹੋ ਗਿਆ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਟਵੀਟ ਕਰ ਕੇ ਮਾਮਲੇ ਵਿੱਚ ਰਾਜਨੀਤੀਕ ਦਖਲ ਕਾਰਨ ਐਸਐਚਓ ਵੱਲੋਂ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਸੀ। ਉੱਥੇ ਹੀ ਹੁਣ ਪੀੜਿਤ ਕਰਤਾਰ ਚੰਦ ਨੇ ਮੀਡੀਆ ਸਾਹਮਣੇ ਖੁਲਾਸਾ ਕੀਤਾ ਹੈ ਕਿ ਉਹਨਾਂ ਤੇ ਰਾਜੀਨਾਮਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਤੇ ਪੁਲਿਸ ਮੁੱਖ ਦੋਸ਼ੀ ਨੂੰ ਵੀ ਮਾਮਲੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਦੌਰਾਨ ਡੀਐਸਪੀ ਕੁਲਵੰਤ ਸਿੰਘ ਨੇ ਪੁਲਿਸ ਦਾ ਪੱਖ ਰਖਦਿਆਂ ਪੱਖਪਾਤ ਦੇ ਇਲਜਾਮਾਂ ਤੋਂ ਇਨਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਤਾਰ ਚੰਦ ਦੇ ਬਿਆਨਾਂ ਉਤੇ ਤਿੰਨ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here